ਦਮ ਦਮ ਇਸ਼ਕ ਧਮਾਲਾਂ ਪਾਵੇ, ਚੇਲਾ ਮਸਤ ਕਲੰਦਰ ਦਾ।
ਉਹ ਕੀ ਭੇਤ ਜ਼ਾਹਿਰ ਦਾ ਜਾਣੇ, ਜਾਣੂ ਨਹੀਂ ਜੋ ਅੰਦਰ ਦਾ।
ਆਪਣੇ ਸੀਨੇ ਵਿੱਚ ਲੁਕਾਵੇ ਸੱਭੇ ਦੁੱਖ ਦਰਿਆਵਾਂ ਦੇ,
ਤੱਕ ਬੰਦਿਆ ਜੀਦਾਰੀ ਉਸਦੀ, ਜਿਗਰਾ ਵੇਖ ਸਮੁੰਦਰ ਦਾ।
ਮੇਰੇ ਘਾਟੇ ਤੇ ਵਾਧੇ ਦਾ ਜਿਹਨੂੰ ਭੋਰਾ ਪਾਸ ਨਹੀਂ,
ਵਾਹ ਤਕਦੀਰੇ ਮਾਲਿਕ ਬਣਿਆ ਉਹ ਮੇਰੇ ਮਨ ਮੰਦਰ ਦਾ।
ਧਰਤੀ ਦੀ ਹਿੱਕ ਉਤੇ ਪੈਂਦਾਏ ਜਦ ਪ੍ਰਛਾਂਵਾਂ ਅੰਬਰ ਦਾ,
ਸਾਰਾ ਜੁੱਸਾ ਦਿਲ ਬਣ ਜਾਂਦਾਏ ਵੇਖ ਕੇ ਮੁੱਖ ਦਸੰਬਰ ਦਾ।
ਉਹਦੇ ਨਾਂ ਦੇ ਨਿੱਤ ਸੁਨੇਹੜੇ ਹੱਥ ਹਵਾਵਾਂ ਘਲਨੀ ਆਂ,
ਖ਼ੋਰੇ ਕਿਧਰੋਂ ਲੱਭੇ ਮੈਨੂੰ ਆਲ ਦੁਆਲਾ ਦਿਲਬਰ ਦਾ।
ਉਹਦੇ ਮਿੱਥੇ ਤੇ ਲਿਖਿਆ ਏ ਸਭਨਾਂ ਲਈ ਜੀ ਆਇਆਂ ਨੂੰ,
ਮੇਰੇ ਲਈ ਅੱਜ ਤੱਕ ਨਾ ਖੁੱਲਿਆ ਬੂਹਾ ਓਸ ਮੁਕੱਦਰ ਦਾ।