ਤੁਸੀਂ ਆਖਦੇ ਓ

ਮੈਂ ਦੇਸ਼-ਧਰੋਹੀ ਹਾਂ

ਹਾਂ!

ਮੈਂ ਦੇਸ਼-ਧਰੋਹੀ ਹਾਂ

ਕਿਉਂਕਿ

ਮੈਂ ਤੁਹਾਡੇ ਰੰਗੀਨ ਮਹਿਲਾਂ 'ਤੇ ਥੁੱਕਿਆ

ਮੈਂ ਦੇਸ਼-ਧਰੋਹੀ ਹਾਂ

ਕਿਉਂਕਿ

ਮੈਂ ਤੁਹਾਡੇ ਮਹਿਲਾਂ ਉੱਤੇ

ਬਰਸ ਰਹੇ ਮੀਂਹ 'ਤੇ

ਉਂਗਲ ਉਠਾਈ ਹੈ

ਇਹ ਮੀਂਹ

ਸਾਡੇ ਖੇਤਾਂ 'ਤੇ ਵਰ੍ਹਣਾ ਚਾਹੀਦਾ ਸੀ

ਮੈਂ ਹਵਾਵਾਂ ਦਾ ਰੁੱਖ

ਬਦਲਣਾ ਚਾਹਿਆ

ਤੇ ਤੁਸੀਂ ਆਖਦੇ ਓ

ਮੈਂ ਦੇਸ਼-ਧਰੋਹੀ ਹਾਂ

ਹਾਂ!

ਮੈਂ ਦੇਸ਼-ਧਰੋਹੀ ਹਾਂ

ਕਿਉਂਕਿ

ਮੈਂ ਤੁਹਾਡੀ ਚਾਂਦੀ ਦੀ ਥਾਲੀ 'ਚ

ਝਾਕਣ ਦੀ ਕੋਸ਼ਿਸ਼ ਕੀਤੀ ਹੈ

ਮੈਂ ਤਾਂ ਤੁਹਾਨੂੰ ਦੱਸਣਾ ਚਾਹਿਆ ਸੀ

ਰੋਟੀ ਬਰੀਕ ਆਟੇ ਦੀ ਬਣੀ ਹੈ

ਤੁਸੀਂ ਆਖਦੇ ਓ

ਮੈਂ ਤੁਹਾਡੀਆਂ ਥਾਲੀਆਂ 'ਚ

ਵੱਟੇ-ਰੋੜੇ ਸੁੱਟੇ ਨੇ

ਜੋ ਤੁਹਾਡੇ ਮੱਥੇ 'ਤੇ

ਜਾ ਲੱਗੇ

ਤੇ ਤੁਸੀਂ ਮੈਨੂੰ

ਦੇਸ਼-ਧਰੋਹੀ ਦੇ ਖ਼ਿਤਾਬ ਨਾਲ

ਨਵਾਜਦੇ ਓ

ਹਾਂ!

ਮੈਂ ਦੇਸ਼-ਧਰੋਹੀ ਹਾਂ

ਕਿਉਂਕਿ

ਤੁਹਾਡੇ ਪਾਏ ਹਾਰ

ਮੇਰੇ ਗਲ਼ ਨੂੰ ਫਿੱਟ ਨਹੀਂ ਬੈਠਦੇ

ਤੁਸੀਂ ਪਥਰੀਲੇ ਹਾਰਾਂ ਦੇ ਭਾਰ ਹੇਠ

ਸਾਨੂੰ ਦੱਬ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਓ

ਤੇ ਮੈਂ

ਮੈਂ ਦੇਸ਼-ਧਰੋਹੀ ਬਣ

ਗਲ਼ੇ ਦਾ ਹਾਰ ਵਗਾਹ ਮਾਰਦਾ ਹਾਂ

ਤੁਸੀਂ ਚਾਹੁੰਦੇ ਓ

ਮੈਂ ਅੱਖਾਂ 'ਤੇ ਪੱਟੀ ਬੰਨੀ ਰੱਖਾਂ

ਮੈਂ ਕਿਵੇਂ ਸਹਿ ਲਵਾਂ

ਚੱਕੀ 'ਚ ਨਪੀੜੀਆਂ ਚੀਕਾਂ ਨੂੰ

ਮੈਂ ਦੇਸ਼-ਧਰੋਹੀ ਹਾਂ

ਕਿਉਂਕਿ

ਮੈਂ ਹੋਰਨਾਂ ਦੀਆਂ ਅੱਖਾਂ 'ਤੇ

ਪਾਣੀ ਦੇ ਛਿੱਟੇ ਮਾਰਦਾ ਹਾਂ

ਅੱਡੀਆਂ ਅੱਖਾਂ ਤੋਂ ਡਰਦੇ ਤੁਸੀਂ

ਸਾਡੀਆਂ ਅੱਖਾਂ 'ਚ

ਮਿਰਚਾਂ ਪਾਉਂਦੇ ਓ

ਕਾਲੇ ਅੱਖਰਾਂ ਦਾ ਮੁੱਲ

ਤੁਸੀਂ ਸਾਡੀ ਮਿਹਨਤ ਤੇ

ਪਸੀਨੇ ਨਾਲ ਨਹੀਂ ਪਾਉਂਦੇ

ਮੈਂ ਕੋਰੇ ਕਾਗ਼ਜਾਂ ਦਾ ਮੁੱਲ

ਪੁੱਛਣਾ ਚਾਹਿਆ

ਤੁਸੀਂ ਘਾਟੇ ਦੀਆਂ ਪਰਤਾਂ ਨੂੰ

ਸਾਡੇ ਖੂਨ ਨਾਲ ਰੰਗਣਾ ਚਾਹੁੰਦੇ ਓ

ਤੁਸੀਂ ਮੈਨੂੰ

ਦੇਸ਼-ਧਰੋਹੀ ਆਖਦੇ ਓ

ਕਿਉਂਕਿ

ਮੈ ਬਾਜ਼ਾਂ ਨੂੰ ਉੱਡਣ ਲਈ ਵੰਗਾਰਿਆ

ਤੇ ਆਪਣੇ ਹਿੱਸੇ ਦਾ

ਹਿਸਾਬ-ਕਿਤਾਬ ਮੰਗਿਆ

ਕੋਈ ਗਿੱਦੜ ਡਰਦਾ

ਜੰਗਲ ਜਾ ਲੁਕ ਜਾਂਦਾ

ਤੁਸੀਂ ਉਹਨੂੰ

ਤਰਸ ਦਾ ਪਾਤਰ ਬਣਾ ਲ਼ੈਂਦੇ ਓ

ਤੇ ਤੁਹਾਨੂੰ

ਨਹੀਂ ਨਜ਼ਰੀਂ ਪੈਂਦੇ

ਸੱਪਾਂ ਦੀਆਂ ਸਿਰੀਆਂ ਮਿੱਧੇ ਪੈਰ

ਤੁਸੀਂ ਮੈਨੂੰ

ਦੇਸ਼-ਧਰੋਹੀ ਆਖਦੇ ਓ

ਕਿਉਂਕਿ

ਮੈਂ ਚਿੱੜੀਆਂ ਨੂੰ ਆਖਿਆ

ਅੰਦਰ ਅੱਗ ਬੁਝਾਉਣ ਲਈ

ਚੁੰਝਾਂ ਸਲਾਮਤ ਰੱਖੋ

ਤੇ ਤੁਸੀਂ

ਖੰਭ ਕੁਤਰਨੇ ਚਾਹੁੰਦੇ ਓ

ਲੋਹੇ ਦੀਆਂ ਤਾਰਾਂ

ਮੇਰੀ ਬੋਲਤੀ ਨੀਂ

ਬੰਦ ਕਰ ਸਕਦੀਆਂ

ਆਪਣੇ ਪਿੰਡੇ 'ਤੇ ਪਏ ਨੀਲ ਦੇਖ

ਨਹੀਂ ਘਬਰਾਉਂਦਾ ਮੈਂ

ਮੈਨੂੰ ਤੋੜ ਸਕਦੇ ਓ ਤੁਸੀਂ

ਮੇਰੇ ਹੌਂਸਲੇ ਨੂੰ ਤੋੜਨ ਲਈ

ਕਿਹੜਾ ਹਥਿਆਰ ਵਰਤੋਗੇ?

ਪਰ ਦੇਖਿਓ!!!

ਬਗਾਵਤਾਂ

ਤੂਫਾਨਾਂ ਤੋਂ ਨਹੀਂ ਡਰਦੀਆਂ

ਮੌਸਮ ਚਾਹੇ ਕੋਈ ਹੋਵੇ

"ਇਨਕਲਾਬ" ਦੇ

ਰਾਹ ਨਹੀਂ ਰੁਕਿਆ ਕਰਦੇ।

ਚਾਰ ਦਿਹਾੜੇ ਰੂਪ ਜਵਾਨੀ ਇਹ ਨਹੀਂ ਮੁੜਕੇ ਆਉਣੀ

ਟਿੱਕਾ ਟੋਲ੍ਹੇ ਥਾਂ ਬਥੇਰੇ ਲਭ ਲਭ ਥੱਕੀ ਦਾਉਣੀ

ਜਿਉਂ ਗਲ ਖਾਲੀ ਜਾਪੇ ਨੀਂ ਕੈਂਠੇ ਹਾਰ ਬਿਨਾ

📝 ਸੋਧ ਲਈ ਭੇਜੋ