ਢੱਢਾ ਢੂੰਢਦਾ ਰੱਬ ਨੂੰ ਜੰਗਲਾਂ ਮੈਂ, ਤੇਰੇ ਵਿੱਚ ਹੀ ਰਿਹਾ ਬਰਾਜ ਭਾਈ।

ਤੇਰੇ ਵਿੱਚ ਹੀ ਬੰਦਿਆ ਵੇਦ ਚਾਰੇ, ਤੇਰੇ ਵਿੱਚ ਕੁਰਾਨ ਕਿਤਾਬ ਭਾਈ।

ਤੇਰੇ ਵਿੱਚ ਹੀ ਤੀਰਥ-ਧਾਮ ਸਾਰੇ, ਗੰਗਾ-ਜਮਨਾ ਵਿੱਚ ਪਰਾਗ ਭਾਈ

ਤੇਰੇ ਵਿੱਚ ਹੀ ਪੁੰਨ ਤੇ ਪਾਪ ਹੁੰਦੇ, ਕਰਦੇ ਚਿੱਤ੍ਰ-ਗੁਪਤ ਹਿਸਾਬ ਭਾਈ।

ਦਿਲ ਹੈ ਦਰਿਆਓ ਸਮੁੰਦ ਸਾਗਰ, ਵੰਝਰ ਪਾਨ ਪਹੁੰਚਦੀ ਲਾਜ ਭਾਈ

ਵਿੱਚ ਅੰਮਰਤ ਪੀਵਨ ਵਾਲੜਾ ਹੈ, ਤੈਨੂੰ ਭੁੱਲਕੇ ਲੱਗ ਰਹੀ ਦਾਜ੍ਹ ਭਾਈ

ਚੀਜ਼ ਲੱਭ ਲੈ ਦੇਹ ਦੀ ਕੋਠੜੀ ’ਚੋਂ, ਵਿੱਚ ਬਾਲਕੇ ਗਿਆਨ ਚਿਰਾਗ ਭਾਈ।

ਗੁਰੂ ਮਿਲਦੇ ਬਜਰ ਕਪਾਟ ਖੁਲ੍ਹੇ ਦੁੱਧ ਜੰਮਦਾ ਮਿਲੇ ਤਾਂ ਜਾਗ ਭਾਈ

ਬਿਨਾਂ ਮੰਤਰ ਸਿਖਿਆਂ ਜੋਗੀਆਂ ਤੋਂ, ਕਦੇ ਵੱਸ ਨਾ ਆਂਵਦੇ ਨਾਗ ਭਾਈ

ਸੰਗਤ ਕੀਤਿਆਂ ਬਾਝ ਨਾ ਸੁੱਧ ਆਵੇ, ਬਿਨਾਂ ਧੋਤਿਆਂ ਲਹੇ ਨਾ ਦਾਗ਼ ਭਾਈ।

ਸੇਵਾ ਬੰਦਗੀ ਸੰਤ ਸਤਸੰਗ ਕਰੀਏ, ਜੱਗ ਆਵਨੇ ਦਾ ਏਹੋ ਲਾਭ ਭਾਈ।

ਪਾਪੀ ਪੁਰਸ਼ ਤਾਈਂ ਐਸਾ ਪੀੜਨਾ ਈਂ, ਜੈਸਾ ਵੇਲਣੇ ਵਿੱਚ ਕਮਾਦ ਭਾਈ।

ਜੰਗ ਦੇਖ ਫ਼ਨਾਹ ਮਕਾਨ ਸਾਰਾ, ਆਵੇ ਦਿਲ ਦੇ ਵਿੱਚ ਵੈਰਾਗ ਭਾਈ।

ਦੇਵਾ ਸਿੰਘ ਕਰਤਾਰ ਦੇ ਨਾਮ ਬਾਝੋਂ, ਹੋਣਾ ਅੰਤ ਦੇ ਸਮੇਂ ਖ਼ਰਾਬ ਭਾਈ।

📝 ਸੋਧ ਲਈ ਭੇਜੋ