ਢੱਢਾ ਆਖਦਾ ਢੂੰਡ ਕੇ ਦੇਖਿਆ ਏ, ਲੋਕ ਮਤਲਬੀ ਬਹੁਤ ਮੀਤ ਹੈ ਨਹੀਂ।
ਪਾਗਲ ਫਿਰਨ ਭੌਂਦੇ ਮਾਰੇ ਔਰਤਾਂ ਦੇ, ਘਣਾਂ ਇਸ਼ਕ ਮਜ਼ਾਜ਼ ਹਕੀਕ ਹੈ ਨਹੀਂ।
ਦੇਖੋ ਭੇਖ ਤਾਂ ਨੇਕ ਮਲੂਮ ਹੋਂਦੇ, ਸਾਧ ਆਖਦੇ ਬਹੁਤ ਅਤੀਤ ਹੈ ਨਹੀਂ।
ਭੈੜੇ ਭੁੱਖਿਆਂ ਵਾਸਤੇ ਸਬਰ ਕਿੱਥੇ, ਪਾਸ ਦੌਲਤਾਂ ਬਹੁਤ ਹੈ ਨੀਤ ਹੈ ਨਹੀਂ।
ਦਿਲੋਂ ਭੇਤ ਹਰ ਇਕ ਦਾ ਪੁੱਛ ਦੇਖੋ, ਸੀਨੇ ਧੜਕਦੇ ਤੜਫਦੇ ਸੀਪ ਹੈ ਨਹੀਂ ।
ਪਾਸੇ ਪਏ ਖਲਾਰੀਆਂ ਕੱਚ ਕੀਤਾ, ਏਸ ਜੱਗ ਤੇ ਹਾਰ ਤੇ ਜੀਤ ਹੈ ਨਹੀਂ।
ਵੱਡੇ-ਵੱਡੇ ਅਵਤਾਰ ਹੋ ਗੁਜ਼ਰ ਗਏ ਨੇ, ਕੋਈ ਰੱਬ ਦਾ ਹੋਰ ਸ਼ਰੀਕ ਹੈ ਨਹੀਂ।
ਬਿਨ੍ਹਾਂ ਰਾਗੀਆਂ ਰਾਗ ਦੀ ਤਾਰ ਕਿਥੋਂ, ਐਵੇਂ ਗਾਂਵਦੇ ਬਹੁਤ ਹੈ ਗੀਤ ਹੈ ਨਹੀਂ ।
ਬੜੇ ਮਰਤਬੇ ਏਸ ਜਹਾਨ ਅੰਦਰ, ਅੱਗੇ ਰੱਬ ਦਰਬਾਰ ਨਾ ਠੀਕ ਹੈ ਨਹੀਂ।
ਪਾਪੀ ਦਯਾ ਭੀ ਕਾਸਨੂੰ ਤਿਆਗ ਓਈ, ਜੇਕਰ ਦਾਨ ਦੀ ਘਰੋਂ ਤੌਫ਼ੀਕ ਹੈ ਨਹੀਂ।
ਚੌਦਾ ਭਵਨ ਦੇ ਗਵਨ ਨੂੰ ਛੋੜ ਬੰਦੇ, ਰੱਬ ਦੂਰ ਨਾ ਜਾਣ ਨਜ਼ੀਕ ਹੈ ਨਹੀਂ।
ਅੰਤ ਮੁੱਕ ਜਾਣਾ ਝਗੜਾ ਜ਼ਿੰਦਗੀ ਦਾ, ਮੁੱਕੀ ਚੋਗ ਤਾਂ ਅਗਾਂਹ ਤਰੀਕ ਹੈ ਨਹੀਂ।
ਮੋਮਨ ਕਿਸੇ ਦੇ ਨਾਲ ਕਹਾਵਨਾਂ ਏਂ, ਅਮਲ ਬਿਨ ਤੇ ਆਲਮ ਠੀਕ ਹੈ ਨਹੀਂ ।
ਕੀਤਾ ਨੂਰ ਥੀ ਨੂਰ ਪ੍ਰਕਾਸ਼ ਪੈਦਾ, ਬੰਦਾ ਪਾਕੇ ਨਾ ਜਾਣ ਪਲੀਤ ਹੈ ਨਹੀਂ।
ਸੱਚੀ ਜੋਤਨਾ ਹਰ ਇਕ ਦੇ ਮੱਥਿਆਂ ਤੇ, ਸੰਗ ਸਰਬ ਦੇ ਵਿੱਚ ਅਕੀਕ ਹੈ ਨਹੀਂ ।
ਬਿਨ੍ਹਾਂ ਆਸ਼ਕਾਂ-ਸਾਦਕਾਂ ਕੌਣ ਤਰਦਾ, ਦਿਲ ਜੇਨਕੋ ਬਹਿਰੇ-ਅਮੀਕ ਹੈ ਨਹੀਂ।
ਪਹਿਲਾ ਘਰ ਜੋ ਘਰਾਂ ਪੁਰਾਣਿਆਂ 'ਚੋਂ, ਰਹਿਣਾ ਆਖ਼ਰੇ ਬੈਤੁਲ ਅਤੀਤ ਹੈ ਨਹੀਂ।
ਸੱਤ ਸੁੱਤਿਆਂ ਭਾਸਦਾ ਦਯਾ ਸਿੰਘਾ, ਜਗਤਜਾਨ ਫ਼ਨਾਹ-ਤਹਿਕੀਕ ਹੈ ਨਹੀਂ।