ਧੱਧਾ ਆਖਦਾ ਧੰਨ ਨੇ ਪੁਰਸ਼ ਸੋਈ, ਸੀਸ ਜਿਨ੍ਹਾਂ ਨੇ ਧਰਮ ਤੋਂ ਵਾਰ ਛੱਡੇ

ਵਾਹਿ-ਵਾਹਿ ਸੋ ਰੱਬ ਦੇ ਬੰਦੜੇ ਨੇ, ਜਾਪ ਕਰਦਿਆਂ ਜਨਮ ਸੁਧਾਰ ਛੱਡੇ । 

ਕਿਉਂ ਨਾ ਲੋਕ-ਪ੍ਰਲੋਕ ਵਿੱਚ ਭਲਾ ਹੋਸੀ, ਕਰ ਭਗਤੀਆਂ ਬਰਸ ਗੁਜ਼ਾਰ ਛੱਡੇ । 

ਜਿਹੜੇ ਨਾਲ ਸ਼ੈਤਾਨ ਦੇ ਖੇਲ ਬੈਠੇ, ਜੂਏ ਤਿਨ੍ਹਾਂ ਨੇ ਧਰਮ ਦੇ ਹਾਰ ਛੱਡੇ । 

ਨਹੀਂ ਰੋਂਵਦੇ ਪੈਸਿਆਂ ਡਿੱਗਿਆਂ ਨੂੰ, ਜਿਨ੍ਹਾਂ ਪੱਲਿਓ ਖ਼ਰਚ ਹਜ਼ਾਰ ਛੱਡੇ । 

ਹੋਸੀ ਤਿਨ੍ਹਾਂ ਦੀ ਸਦਾ ਮੁਰਾਦ ਪੂਰੀ, ਲੰਮੇ ਦਾਈਏ ਜਿਨ੍ਹਾਂ ਨੇ ਧਾਰ ਛੱਡੇ । 

ਜਿਨ੍ਹਾਂ ਜਾਣਿਆਂ ਜਗਤ ਨੂੰ ਮਿੱਥਿਆ ਹੈ, ਝੂਠੇ ਜੱਗ ਦੇ ਵਣਜ-ਵਪਾਰ ਛੱਡੇ। 

ਵਿੱਚ ਸ਼ਹਿਰ ਦੇ ਕਹਿਰ ਮਲੂਮ ਹੋਵੇ, ਵੇਖ ਜਿਨ੍ਹਾਂ ਨੇ ਇਸ਼ਕ-ਬਜ਼ਾਰ ਛੱਡੇ । 

ਰਹੇ ਸਾਬਤੀ ਸਾਹਿਬ ਦੇ ਨਾਲ ਯਾਰੋ, ਜਿਨ੍ਹਾਂ ਫਰਜ਼ ਦੇ ਕਰਜ਼ ਉਤਾਰ ਛੱਡੇ । 

ਜਿਹੜੇ ਹੇੜੀਆਂ ਵਾਂਗਰਾਂ ਮਗਰ ਲੱਗੇ, ਨਹੀਂ ਪਕੜਨੋ ਕਦੀ ਸ਼ਿਕਾਰ ਛੱਡੇ । 

ਦਯਾ ਸਿੰਘ ਬਿਨ ਭਜਨ ਤੋਂ ਰਹੇ ਖ਼ਾਲੀ, ਜਿਨ੍ਹਾਂ ਸੱਖਣੇ ਬੇਦ ਵਿਚਾਰ ਛੱਡੇ

📝 ਸੋਧ ਲਈ ਭੇਜੋ