ਧਰਮ ਦੇ ਰਾਖੇ-ਗੀਤ

ਧਰਮ ਦੇ ਦੋਖੀ ਮਿਲਨ ਹਜ਼ਾਰਾਂ

ਧਰਮ ਦੇ ਰਾਖੇ ਘੱਟ ਮਿਲਦੇ ਨੇ।

ਬਾਹਰੋਂ ਦਾਨੇ ਸਾਨੇ ਸਾਊ

ਅੰਦਰੋਂ ਚੌੜ ਚੁਪੱਟ ਮਿਲਦੇ ਨੇ।

ਇਕ ਅੱਖਰ ਤਬਦੀਲ ਨਾ ਕੀਤਾ

ਗੁਰੂ ਅਰਜਨ ਕੁਰਬਾਨ ਹੋ ਗਏ।

ਉਸ ਬਾਣੀ ਦੀ ਅਜ਼ਮੱਤ ਨੂੰ ਅੱਜ

ਲੋਕ ਮਾਰਦੇ ਸੱਟ ਮਿਲਦੇ ਨੇ।

ਕੌਣ ਕਰੇ ਦਸਮੇਸ਼ ਪਿਤਾ ਦੇ

ਵਾਂਗਰ ਅੱਜ ਮਜ਼ਲੂਮ ਦੀ ਰਾਖੀ।

ਅੱਜਕਲ੍ਹ ਤੇ ਮਜ਼ਲੂਮਾਂ ਦੇ

ਜ਼ਖਮਾਂ ਨੂੰ ਡੂੰਘੇ ਫੱਟ ਮਿਲਦੇ ਨੇ।

ਦੇਸ਼ ਧਰਮ ਦਾ ਨਾਂ ਚਮਕਾ ਗਏ

ਪੱਥਰਾਂ ਵਿਚੋਂ ਰੱਬ ਨੂੰ ਪਾ ਗਏ।

ਨਲੂਏ ਤੇ ਰੰਜੀਤ ਯਾ

ਧੱਨੇ ਵਰਗੇ ਕਿੱਥੇ ਜੱਟ ਮਿਲਦੇ ਨੇ।

ਗੱਲਾਂ ਦੇ ਅੱਜ ਲੋਕ ਧਨੀ ਨੇ

ਪਰ ਆਚਾਰ ਬਿਹਾਰੋਂ ਖਾਲੀ।

ਬਿਨਾ ਵਜ੍ਹਾ ਆਪਿਸ ਵਿਚ ਪਾਈ

ਲੋਕੀ ਬੈਠੇ ਵੱਟ ਮਿਲਦੇ ਨੇ।

ਗੁਰੂ ਨਾਨਕ ਦੇ ਵਾਂਗਰ ਅੱਜਕਲ੍ਹ

ਸੱਚਾ ਸੌਦਾ ਕੋਈ ਨਾ ਕਰਦਾ।

ਕਈ ਪਾਖੰਡੀ ਖੋਹਲ ਕੇ ਓਹਦੇ

ਨਾਂ ਤੇ ਬੈਠੇ ਹੱਟ ਮਿਲਦੇ ਨੇ।

ਪੂਰਬ ਪੱਛਮ ਉਤਰ ਦੱਖਣ

ਕਣ ਕਣ ਵਿਚ ਸਮਾਇਆ ਬਾਬਾ।

ਸੱਚੇ ਦਿਲ ਨਾਲ ਅਗਰ ਬੁਲਾਈਏ

ਗੁਰੂ ਨਾਨਕ ਤੇ ਝੱਟ ਮਿਲਦੇ ਨੇ।

ਬਾਬੇ ਨਾਨਕ ਨੇ ਜੋ ਪੀਤੀ

ਲੋਕੀ ਭੁੱਲ ਗਏ ਨਾਮ ਖੁਮਾਰੀ।

ਨਾਮ ਖੁਮਾਰੀ ਦੀ ਥਾਂ ਅੱਜਕਲ੍ਹ

ਥਾਂ ਥਾਂ ਉੜਦੇ ਡੱਟ ਮਿਲਦੇ ਨੇ।

ਦੇਸ਼ ਧਰਮ ਤੇ ਕੌਮ ਦੇ ਰਾਖੇ

ਨਜ਼ਰ ਕਿਤੇ `ਆਜ਼ਾਦ` ਨਹੀਂ ਆਉਂਦੇ।

ਕੁਰਸੀ ਲਈ ਜੋ ਪਾਉਣ ਬਾਜੀਆਂ

ਬਾਜ਼ੀਗਰ ਤੇ ਨੱਟ ਮਿਲਦੇ ਨੇ।

📝 ਸੋਧ ਲਈ ਭੇਜੋ