ਇਹ ਧਰਤੀ ਸਾਡੀ ਮਾਤਾ ਹੈ,

ਅਸੀਂ ਇਹਦੇ ਪੁੱਤ ਦੁਲਾਰੇ ਹਾਂ

ਇਹ ਧਰਤੀ ਸਾਨੂੰ ਪਿਆਰੀ ਹੈ,

ਧਰਤੀ ਨੂੰ ਅਸੀਂ ਪਿਆਰੇ ਹਾਂ

ਸਾਨੂੰ ਪਿਆਰੀ ਦੇਸ਼ ਦੀ ਮਿੱਟੀ ਹੈ,

ਪਿਆਰਾ ਹਰ ਇਕ ਨਜ਼ਾਰਾ ਹੈ

ਤੇ ਪਿਆਰੀਆਂ ਇਹਦੀਆਂ ਫਸਲਾਂ ਨੇ,

ਫਸਲਾਂ ਦਾ ਰੂਪ ਪਿਆਰਾ ਹੈ

ਅਸੀਂ ਮਾਣਦੇ ਇਹਦੇ ਸੁਹਜਾਂ ਦੇ,

ਨਿੱਤ ਨਵਿਓਂ ਨਵੇਂ ਹੁਲਾਰੇ ਹਾਂ

ਇਹ ਧਰਤੀ ਸਾਨੂੰ ਪਿਆਰੀ ਹੈ,

ਧਰਤੀ ਨੂੰ ਅਸੀਂ ਪਿਆਰੇ ਹਾਂ

ਸਾਨੂੰ ਇਹਦੇ ਪਰਬਤ ਪਿਆਰੇ ਨੇ

ਤੇ ਇਹਦੇ ਦਰਿਆ ਪਿਆਰੇ ਨੇ

ਸਾਨੂੰ ਇਹਦੇ ਲੋਕੀ ਪਿਆਰੇ ਨੇ,

ਲੋਕਾਂ ਦੇ ਚਾਅ ਪਿਆਰੇ ਨੇ

ਅਸੀਂ ਮਾਣਦੇ ਇਹਦੀਆਂ ਰੁੱਤਾਂ ਦੇ,

ਖਿੜਦੇ ਹੋਏ ਰੰਗ ਨਜ਼ਾਰੇ ਹਾਂ

ਇਹ ਧਰਤੀ ਸਾਨੂੰ ਪਿਆਰੀ ਹੈ,

ਧਰਤੀ ਨੂੰ ਅਸੀਂ ਪਿਆਰੇ ਹਾਂ

ਸਾਨੂੰ ਇਹਦੇ ਪੰਛੀ ਪਿਆਰੇ ਨੇ,

ਉਹਨਾਂ ਦੇ ਚੋਲ੍ਹ ਪਿਆਰੇ ਨੇ

ਫੁੱਲਾਂ ਜਹੇ ਕੋਮਲ ਕੋਮਲ ਜੋ,

ਬਾਲਾਂ ਦੇ ਬੋਲ ਪਿਆਰੇ ਨੇ

ਅਸੀਂ ਇਸ ਦੀ ਰੀਝ ਦੇ ਅੰਬਰ ਦੇ,

ਜਗ ਮਗ ਕਰਦੇ ਹੋਏ ਤਾਰੇ ਹਾਂ

ਇਹ ਧਰਤੀ ਸਾਨੂੰ ਪਿਆਰੀ ਹੈ,

ਧਰਤੀ ਨੂੰ ਅਸੀਂ ਪਿਆਰੇ ਹਾਂ

ਲੂੰ ਲੂੰ ਦੇ ਵਿਚ ਹੈ ਪਿਆਰ ਇਦ੍ਹਾ,

ਇਸ ਨੂਰ ਕਈ ਉਪਜਾਏ ਨੇ

ਇਸ ਭਗਤ, ਬੀਰ ਤੇ ਦਾਤੇ ਕਈ,

ਅਪਣੀ ਕੁੱਖ ਵਿਚੋਂ ਜਾਏ ਨੇ

ਅਜ ਤੀਕ ਜਿਨ੍ਹਾਂ ਦੀ ਕਰਨੀ ਦੇ,

ਗੁਣ ਗਾਉਂਦੇ ਕਦੇ ਨਾ ਹਾਰੇ ਹਾਂ

ਇਹ ਧਰਤੀ ਸਾਨੂੰ ਪਿਆਰੀ ਹੈ,

ਧਰਤੀ ਨੂੰ ਅਸੀਂ ਪਿਆਰੇ ਹਾਂ

📝 ਸੋਧ ਲਈ ਭੇਜੋ