ਢਹਿ ਪਈ ਜਦੋਂ ਖਲੋ

ਢਹਿ ਪਈ ਜਦੋਂ ਖਲੋ ਕੇ ਦੱਸਿਆ।

ਸਮੇ ਨੂੰ ਸਾਵੇਂ ਹੋ ਕੇ ਦੱਸਿਆ।

ਕਾਲ਼ੀ ਰਾਤ ਨੇ ਕਾਲਕ ਦਾ ਦੁੱਖ,

ਦੀਵੇ ਉਹਲੇ ਹੋ ਕੇ ਦੱਸਿਆ।

ਕੀ ਕੀ ਰਾਤ ਨੇ ਠੱਠੇ ਕੀਤੇ,

ਤਾਰਿਆਂ ਨੇ ਰੋ ਰੋ ਕੇ ਦੱਸਿਆ।

ਰਾਤ ਦਾ ਮੂੰਹ ਅਣਧੋਤਾ ਲਗਦਾ,

ਤਾਰਿਆਂ ਉਹਲੇ ਹੋ ਕੇ ਦੱਸਿਆ।

ਜਦ ਉਸ ਦੁਨੀਆ ਦੁਸ਼ਮਣ ਕਰ ਲਈ,

ਫ਼ਿਰ ਮੈਂ ਨਾਲ਼ ਖਲੋ ਕੇ ਦੱਸਿਆ।

ਬਾਗੀਂ ਸੱਜਰੇ ਫੁੱਲ ਖਿੜੇ ਨੇਂ,

ਮਹਿਕਾਂ ਭਰੇ ਝਰੋਕੇ ਦੱਸਿਆ।

ਇਸ਼ਕੇ ਜਿਹੜਾ ਭਾਰ ਚੁਕਾਇਆ,

ਆਪਣੇ ਸਿਰ ਤੇ ਢੋ ਕੇ ਦੱਸਿਆ।

📝 ਸੋਧ ਲਈ ਭੇਜੋ