ਧੀਆਂ ਦਾ ਕਾਹਦਾ, ਜੀਣਾ ਵੇ ਬਾਬਲ
ਧੀਆਂ ਦਾ ਕਾਹਦਾ ਜੀਣਾ
ਆਪਣੇ ਹੱਥੀਂ ਲਹੂ ਆਪਣੇ ਨੂੰ
ਚੂਲੀਆਂ ਭਰ-ਭਰ ਪੀਣਾ ਵੇ ਬਾਬਲ
ਧੀਆਂ ਦਾ ਕਾਹਦਾ ਜੀਣਾ
ਧੀਆਂ ਦਾ ਜੰਮਣਾ ਧੁਰਦਾ ਸਰਾਪ ਵੇ
ਧੀਆਂ ਜੰਮੇ ਤੋਂ ਮਰ ਜਾਂਦੇ ਨੇ ਬਾਪ ਵੇ
ਆਪਣੀ ਪੱਗ ਬੇਗਾਨੇ ਪੈਰੀਂ
ਉਮਰਾਂ ਲਈ ਹੋਣਾ ਹੀਣਾ ਵੇ ਬਾਬਲ
ਸਾਡੇ ਤਾਂ ਵੇਹੜੇ ਵਿੱਚ ਕਿੱਕਰਾਂ ਦੇ ਰੁੱਖ ਵੇ
ਧੀਆਂ ਦੇ ਮਾਮਲੇ ਉਮਰਾਂ ਦੇ ਦੁੱਖ ਵੇ
ਜਿਉਂ ਜਿਉਂ ਧੀਆਂ ਨੇ ਵਧਣਾ ਫੁੱਲਣਾ
ਮਾਪਿਆਂ ਦਾ ਔਖਾ ਜੀਣਾ ਵੇ ਬਾਬਲ
ਸਾਡੇ ਤਾਂ ਵੇਹੜੇ ਵਿੱਚ ਉੱਗੀ ਧਰੇਕ ਵੇ
ਧੀਆਂ ਤਾਂ ਤੋਰਨਾ ਸਿਵਿਆ ਦਾ ਸੇਕ ਵੇ
ਤੋੜਕੇ ਆਪਣੇ ਮਾਸ ਦੀ ਬੋਟੀ
ਗੈਰ-ਜਿਸਮ ਸੰਗ ਸੀਣਾ ਵੇ ਬਾਬਲ
ਸਾਡੇ ਤੇ ਵੇਹੜੇ ਵਿੱਚ ਅੰਬੀਆਂ ਦੇ ਰੁੱਖ ਵੇ
ਦੁਧੀਂ ਨਹਾਵਣ ਮਾਵਾਂ, ਜੰਮਦੇ ਨੇ ਪੁੱਤ ਵੇ
ਪੁੱਤਾਂ ਦਾ ਜੰਮਣਾ ਧੁੱਪ ਚੇਤਰ ਦੀ
ਸਾਡੇ ਲਈ ਹਾੜ ਮਹੀਨਾ ਵੇ ਬਾਬਲ
ਧੀਆਂ ਦਾ ਕਾਹਦਾ, ਜੀਣਾ ਵੇ ਬਾਬਲ
ਧੀਆਂ ਦਾ ਕਾਹਦਾ ਜੀਣਾ