ਦਿਲ ਚੋਂ ਦੀਦ ਦਾ ਚਾਅ ਨਹੀਂ ਜਾਂਦਾ।
ਸੋਹਣਿਆ ਦਰਸ ਕਰਾ ਨਹੀਂ ਜਾਂਦਾ।
ਏਨੇ ਸੁੱਖ ਤੂੰ ਕੀ ਕਰਨੇ ਨੇਂ,
ਕੁਝ ਵਿਚੋਂ ਵਰਤਾ ਨਹੀਂ ਜਾਂਦਾ।
ਹਿਜਰ ਵਿਛੋੜੇ ਨੂੰ ਅੱਗ ਲੱਗੇ,
ਵਸਲ ਦਾ ਛੱਟਾ ਲਾ ਨਹੀਂ ਜਾਂਦਾ।
ਭੋਈਂ ਤੇ ਜਿਹੜਾ ਜ਼ੁਲਮ ਕਰੇਂਦਾ,
ਭੋਈਂ ਵਿੱਚ ਸਮਾ ਨਹੀਂ ਜਾਂਦਾ?
ਲੋਕਾਂ ਵਿਚ ਮੈਂ ਜਾ ਕੇ ਤੱਕਿਆ,
ਕੋਈ ਕਿਸੇ ਨੂੰ ਖਾ ਨਹੀਂ ਜਾਂਦਾ।
ਜੇਠ ਦੀ ਸਿ਼ਕਰ ਦੁਪਹਿਰ ਤੇ ਸੂਰਜ,
ਛਾਂਵਾਂ ਲੈ ਕੇ ਆ ਨਹੀਂ ਜਾਂਦਾ।
ਸ਼ੋਹ ਦੀ ਸਿ਼ਕਰ ਦੁਪਹਿਰ ਤਪੇ ਤੇ,
ਆਸ ਦਾ ਫੁੱਲ ਕੁਮਲਾ ਨਹੀਂ ਜਾਂਦਾ।
ਸੇਕ ਲਵਾਂ ਝੱਟ ਸਿੱਲ੍ਹੀਆਂ ਯਾਦਾਂ,
ਧੂਣੀ ਆਣ ਧੁਖ਼ਾ, ਨਹੀਂ ਜਾਂਦਾ।
ਇਸ਼ਕ ਦੇ ਰੋਗ ਦਾ ਦਾਰੂ ਕੋਈ ਨਹੀਂ,
ਕੀਤੇ ਬੜੇ ਉਪਾ ਨਹੀਂ ਜਾਂਦਾ।
ਅੱਖ ਦੀ ਸੈਂਤਰ ਮਾਰ ਹਕੀਕੀ,
ਗੱਲ ਗੁੱਝੀ ਸਮਝਾ ਨਹੀਂ ਜਾਂਦਾ।
ਤੇਰਾ ਮੇਰਾ ਨਾਂ ਜਿਸ ਵਰਕੇ,
ਉਹ ਵਰਕਾ ਪਰਤਾ ਨਹੀਂ ਜਾਂਦਾ?
ਸੁਗ਼ਰਾ ਸੱਦਫ਼ ਦੇ ਨਾਲ਼ ਜੋ ਕੀਤੇ,
ਕੌਲ ਕਰਾਰ ਨਿਭਾ ਨਹੀਂ ਜਾਂਦਾ?