ਦਿੱਲੀਏ
ਕੀ ਤੂੰ ਭੁੱਲ ਗਈ ਏਂ
ਦੇਗ ਵਿਚ ਉਬਲਦਾ
ਭਾਈ ਦਿਆਲਾ
ਰੂੰ ਵਿਚ ਸੜਦਾ
ਭਾਈ ਸਤੀ ਦਾਸ
ਆਰੇ ਨਾਲ ਚਿਰਦਾ
ਭਾਈ ਮਤੀ ਦਾਸ
ਜਾਂ ਉਹ ਚਾਂਦਨੀ ਚੌਂਕ
ਜਿੱਥੇ ਧੜ ਤੋਂ ਵੱਖਰਾ ਕੀਤਾ
ਗਿਆ ਸੀ
ਗੁਰੂ ਦਾ ਸੀਸ
ਚਲੋ ਹੋ ਸਕਦੈ
ਤੂੰ ਭੁਲ ਗਈ ਹੋਵੇਂ
ਇਹ ਸਭ
ਪਰ ਚੁਰਾਸੀ ਤਾਂ ਹਾਲੇ ਕੱਲ੍ਹ
ਹੀ ਬੀਤਿਆ
ਸੜਦੇ ਟਾਇਰਾਂ ਦੀ ਬੋਅ
ਕਾਇਮ ਹੈ ਹਵਾ ਵਿਚ
ਓਸੇ ਤਰ੍ਹਾਂ
ਅਜੇ ਤਾਂ ਉਦਾਂ ਹੀ ਪਏ ਨੇ
ਸਾਡੇ ਫ਼ਟ ਹਰੇ
ਲਹੂ ਮਿਝ ਨਾਲ ਗੰਧਲੀ
ਪਈ ਹੈ ਧਰਤੀ
ਹਾਲੇ ਤੀਕਰ
ਹਾਲੇ ਤਾਂ ਅਦਾਲਤ ਵਿਚ ਪੈ
ਰਹੀਆਂ ਨੇ
ਤਰੀਕਾਂ ਵੀ
ਦਿੱਲੀਏ
ਤੂੰ ਏਨੀ ਛੇਤੀ ਫਿਰ ਕਿਉਂ
ਮੰਗਣ ਲਗਦੀ ਹੈਂ ਖ਼ੂਨ
ਕੀ ਕੁਝ ਸਮੇਂ ਬਾਅਦ
ਜਾਗ ਪੈਂਦਾ ਹੈ
ਤੇਰੇ ਅੰਦਰੋਂ ਸੁੱਤਾ ਹੋਇਆ
ਕੋਈ ਪਿਛਾਚ
ਤੇ ਇਹ ਆਦਮਖੋਰ
ਉਦੋਂ ਤਕ ਮੂੰਹ ਅੱਡੀ
ਰੱਖਦਾ ਹੈ
ਜਿੰਨੀ ਦੇਰ ਮਨੁੱਖਤਾ
ਤ੍ਰਾਹ ਤ੍ਰਾਹ ਨਹੀਂ ਕਰ
ਉਠਦੀ