ਤੂੰ ਦਾਤਾ ਪ੍ਰਭ ਸਰਬ ਕਾ, ਜਾਚਕ ਹੈ ਸੰਸਾਰ।
ਨਮੋ-ਨਮੋ ਮਦ ਦਾਸ ਦੀ, ਤੁਧੋ ਅਨਕ ਲੱਖ ਵਾਰ।
ਕਰਾਂ ਬੰਦਨਾਂ ਵਾਰ-ਵਾਰ, ਜਿਨ ਰਚਿਆ ਬ੍ਰਹਮੰਡ।
ਰੂਪ ਰੇਖ ਨ ਜਾਤ ਪਾਤ, ਅਜੂਨੀ ਸੈਭੰਗ।
ਮੈਂ ਗੁਣ-ਹੀਣਾ ਮੰਦ ਮਤਿ, ਪਾਪੀ ਕੁਚਲ ਕਠੋਰ।
ਨਿਰਧਨ ਨੀਚ ਕਮੀਨ ਦੀ, ਤੁਧ ਬਿਨ ਓਟ ਨਾ ਹੋਰ।
ਜਿਸ ਕਰਕੇ ਕਰਤਾਰ ਨੇ, ਤਨ ਧਨ ਦੀਏ ਪ੍ਰਾਣ।
ਰੇ ਨਰ ਮੂਰਖ ਬਾਵਰੇ, ਕਿਉਂ ਸਿਮਰਤ ਨਹੀਂ ਰਾਮ।
ਹੋਰ ਕਰਮ ਬਿਰਥੇ ਸਭ, ਕਰੇ ਮੂੜ ਨਰ ਜੋਇ ।
ਵੇਦ ਪੁਰਾਨ ਪੁਕਾਰਦੇ, ਨਾਮ ਸਿਮਰ ਗਤਿ ਹੋਇ।
ਰੇ ਨਰ ਗਾਫ਼ਲ ਗਹਿਲਿਆ, ਜਾਗ ਚੇਤ ਕਰ ਹੋਸ਼ ।
ਅੰਤ ਕਾਲ ਪਛਤਾਵਸੇਂ, ਲਗੂ ਹਲ ਕੀ ਚੋਟ।
ਦੂਰ ਰਹੀ ਜੋ ਬੀਤ ਗਈ, ਅੰਤ ਕਾਲ ਦਿਨ ਨੇੜ।
ਕਿਉਂ ਗਾਫ਼ਲ ਹੋਇਕੇ ਸੌਂ ਰਿਹਾ, ਵੇਖੀ ਅੱਖ ਉਘੇੜ।
ਜਗਤ ਸਰਾਇ ਮੁਸਾਫ਼ਰਾਂ, ਚਲੋ ਚਲੀ ਦਾ ਖੇਲ।
ਵਿਛੜਨ ਨਾਲ ਵਿਯੋਗ ਦੇ, ਹੋਯਾ ਸੰਜੋਗੀ ਮੇਲ।
ਜੱਗ ਮੇਂ ਕੋ ਥਿਰ ਨਾ ਰਹੇ, ਸ਼ਾਹ ਖ਼ਾਨ ਸੁਲਤਾਨ।
ਚੰਦ ਸੂਰ ਚਲ ਜਾਣਗੇ, ਧਰਤ ਜ਼ਿਮੀਂ ਅਸਮਾਨ।
ਹਰ ਦਮ ਅੱਖਰ ਜੋ ਪੜ੍ਹੇ, ਰਾਰਾ ਮੱਮਾ ਦੋਇ ।
ਬਚੇ ਚੁਰਾਸੀ-ਘੇਰ 'ਚੋਂ, ਮੁਕਤ ਪਰਾਪਤ ਹੋਇ।
ਹਰ-ਹਰ ਹਰਦਮ ਉਚਰਕੇ, ਹਿਰਦੇ ਸਿਮਰ ਗੋਪਾਲ।
ਉੱਚੀ ਪਦਵੀ ਪਾ ਗਏ, ਨੀਚ ਕਮੀਨ ਕੰਗਾਲ।
ਮੁਕਤ ਗਤੀ ਨੂੰ ਪਾ ਗਏ, ਸਿਮਰ-ਸਿਮਰ ਕਰਤਾਰ।
ਗਨਕਾ ਸਧਨਾ ਭੀਲਨੀ, ਤੇ ਰਵਦਾਸ ਚਮਾਰ।
ਨਾਮ ਜਹਾਜ਼ ਬਨਾਇਕੇ, ਕੀਤਾ ਭਗਤ ਉਧਾਰ ।
ਕਲੂਕਾਲ ਮੇਂ ਆਇਆ, ਗੁਰੂ ਨਾਨਕ ਅਵਤਾਰ।
ਜਾਤ ਸਰਾਤ ਨ ਪੁਛਣੀ, ਕਰਣੀ ਹੈ ਪਰਵਾਨ।
ਚਹੁੰ ਵਰਨਾਂ ਮੈਂ ਜੋ ਕਰੇ, ਤਿਸਕੀ ਹੋ ਕਲਿਆਨ।
ਨਹੀਂ ਊਚੰਤ ਨੀਵੰਤ ਕੇ, ਏਕ ਨੂਰ ਸਰਬੰਤ।
ਬ੍ਰਹਮ ਬਿੰਦ ਤੇ ਉਤਪਤੀ, ਸਗਲੀ ਜੀਵ ਹੈ ਜੰਤ ।
ਰੂਹਾਂ ਜਾਤ ਨਾ ਪਾਤ ਹੈ, ਨਾ ਕੁਝ ਨਾਮ-ਨਿਸ਼ਾਨ।
ਜੈਸੀ ਮਜਲਸ ਜਰਮਿਆ, ਐਸਾ ਧਰਿਆ ਨਾਮ।
ਲਖ ਚੁਰਾਸੀ ਜੂਨ ਮੈਂ, ਆਵਤ ਬਾਰੰਬਾਰ ।
ਜਨਮ ਮਿਲੇ ਇਸ ਜੀਵ ਕੋ, ਕਰਮਾਂ ਦੇ ਅਨੁਸਾਰ।
ਦੇਵਾ ਸਿੰਘ ਦਵੈਤ ਛੱਡ, ਤੋੜ ਭਰਮ ਦਾ ਜੂਰ।
ਸ਼ੀਸ਼ਾ ਧਰਕੇ ਗਿਆਨ ਦਾ, ਵੇਖ ਆਪਣਾ ਨੂਰ।