ਦੁਆ ਹੈ ਰਹਿਣ ਜਗਦੇ ਦਿਲਬਰਾਂ ਦੇ ਪਿਆਰ ਦੇ ਦੀਪਕ
ਮੁਹੱਬਤ ਦੇ ਬਨੇਰੇ ’ਤੇ ਵਫ਼ਾ ਇਕਰਾਰ ਦੇ ਦੀਪਕ
ਜਵਾਨੀ ਦੀ ਦੀਵਾਲੀ ਨੂੰ ਪ੍ਰੀਤਾਂ ਦੇ ਚੁਬਾਰੇ ’ਤੇ
ਬੜੇ ਨੇ ਖ਼ੂਬਸੂਰਤ ਜਾਪਦੇ ਦਿਲਦਾਰ ਦੇ ਦੀਪਕ
ਸ਼ਿਕਾਇਤ ਇਹ ਨਹੀਂ ਕਿ ਦੀਪਮਾਲਾ ਗ਼ੈਰ ਨੇ ਕੀਤੀ
ਗਿਲਾ ਹੈ ਗ਼ੈਰ ਘਰ ਬਲਦੇ ਨੇ ਮੇਰੇ ਯਾਰ ਦੇ ਦੀਪਕ
ਮਲਾਹ ਹੈ ਚੋਰ, ਨੇ੍ਹਰਾ ਘੋਰ, ਡਾਢਾ ਸ਼ੋਰ ਪਾਣੀ ਦਾ
ਫਸੇ ਵਿਚਕਾਰ ਦਿਸਦੇ ਆਰ ਦੇ ਨਾ ਪਾਰ ਦੇ ਦੀਪਕ
ਉਤਾਰੋ ਆਰਤੀ ਨਾ ਥਾਲ ਦੇ ਵਿਚ ਬਾਲ ਕੇ ਜੋਤਾਂ
ਮਨਾਂ ਵਿਚ ਜੇ ਹਨ੍ਹੇਰਾ ਹੈ ਤਾਂ ਕੁਝ ਨਾ ਸਾਰਦੇ ਦੀਪਕ
ਸਿਮਟ ਕੇ ਆਪਣੇ ਨੇੜੇ ਸਗੋਂ ਮੈਂ ਹੋਰ ਹੋ ਜਾਵਾਂ
ਜਗਾਵਾਂ ਮੈਂ ਜਦੋਂ ਵੀ ਆਪਣੇ ਵਿਸਥਾਰ ਦੇ ਦੀਪਕ
ਜਗਾ ਕੇ ਦੀਪ ਯਾਦਾਂ ਦੇ ‘ਅਮਰ’ ਪੀੜਾਂ ਪਰੋਂਦਾ ਹੈ
ਮੁਬਾਰਕ ਹੈ ਜਗਾਏ ਨੇ ਤੁਸੀਂ ਬਾਜ਼ਾਰ ਦੇ ਦੀਪਕ