ਦੱਦਾ ਦਿਨ ਤੇ ਰਾਤ ਬਤੀਤ ਜਾਂਦੇ, ਬੰਦੇ ਪਿਆ ਤੂੰ ਬੜਾ ਗ਼ਲਤਾਨ ਹੋਇਆ।

ਰਾਤ ਸੁੱਤਿਆਂ ਗਈ ਵਿਹਾਇ ਸਾਰੀ, ਜਾਨ ਹੋਂਦਿਆ ਪਿਆ ਮਰਤਾਨ ਹੋਇਆ।

ਭਜਨ-ਬੰਦਗੀ ਸੇਵਾ ਨਾ ਕੀਤੀਆਂ ਤੈਂ, ਘਰੋਂ ਹੋਰ ਦਾ ਪੁੰਨ ਦਾਨ ਹੋਇਆ।

ਮਾਇਆ ਦੇਖ ਜਹਾਨ ਦੀ ਭੜਕਦਾ ਤੂੰ, ਘਰ-ਘਰ ਮੰਗਦਾ ਫਿਰੇ ਸੁਆਨ ਹੋਇਆ।

ਬੁੱਤ ਰੂਹ ਤੋਂ ਬਿਨਾ ਨਾ ਕੰਮ ਆਵੇ, ਬੰਦਾ ਬੰਦਗੀ ਬਿਨਾਂ ਵੈਰਾਨ ਹੋਇਆ।

ਏਸ ਜੱਗ ਤੇ ਆਣਕੇ ਡੁੱਲ੍ਹ ਗਿਆ, ਜਿਹੜਾ ਕੌਲ ਸੀ ਨਾਲ ਜ਼ਬਾਨ ਹੋਇਆ।

ਨਾਨਕ ਸਾਹਿਬ ਗੁਰੂ ਏਸ ਵਿੱਚ ਕਲਜੁਗ, ਸੋਲਾਂ ਵਿਦਿਆ ਗੁਣੀ ਨਧਾਨ ਹੋਇਆ।

ਮਾਰਗ ਧਰਮ ਦਾ ਜੱਗ ਤੇ ਦੱਸਨੇ ਨੂੰ, ਏਸ ਵਾਸਤੇ ਬੰਦ ਪੁਰਾਨ ਹੋਇਆ।

ਸਿੱਖ ਪੰਥ ਨੇ ਗੁਰੂ ਗ੍ਰੰਥ ਸਾਹਿਬ ਜਾਤਾ, ਮੁਸਲਮਾਨ ਦਾ ਪੀਰ ਕੁਰਾਨ ਹੋਇਆ।

ਸੋਈ ਖੱਟਕੇ ਜਾਸਨਗੇ ਜੱਗ ਉਤੋਂ, ਕਾਇਮ ਜਿਨ੍ਹਾਂ ਦਾ ਧਰਮ ਅਮਾਨ ਹੋਇਆ।

ਅੱਗੇ ਜਾਏ ਕੀ ਮਰਤਬਾ ਪਾਵਣਾ ਈ, ਜੀਹਦਾ ਜੱਗ ਤੇ ਨਾਮ ਬਦਨਾਮ ਹੋਇਆ।

ਵੱਸ ਜਿਨ੍ਹਾਂ ਨੇ ਕਾਮ ਕ੍ਰੋਧ ਕੀਤਾ, ਸੋਈ ਸੂਰਮਾ ਜੱਗ ਬਲਵਾਨ ਹੋਇਆ।

ਜੀਹਨੂੰ ਮੌਤ ਮੁਕੱਦਮਾ ਆਣ ਪਿਆ, ਓਹਦਾ ਅਗਲੇ ਮੁਲਕ ਚਲਾਣ ਹੋਇਆ।

ਦੇਵਾ ਸਿੰਘ ਬੰਦਾ ਰੱਬ ਭੇਜਿਆ ਸੀ, ਜਦੋਂ ਸੱਦਿਆ ਤੁਰਤ ਰਵਾਨ ਹੋਇਆ।

📝 ਸੋਧ ਲਈ ਭੇਜੋ