ਦੁੱਖਾਂ ਵਾਲੀ ਗਾਥਾ

ਸੁਣੀ ਸੁਣੀ ਵੇ ਤੂੰ ਨਾਥਾ 

ਸਾਡੇ ਦੁੱਖਾਂ ਵਾਲੀ ਗਾਥਾ 

ਕਾਹਨੂੰ ਦੇਨੈ ਹੱਥ ਕਾਸਾ 

ਅਸੀਂ ਮੋੜ ਕੇ ਲਿਆਉਣੈ

ਸਾਡਾ ਰੁੱਸ ਗਿਆ ਹਾਸਾ

ਯਾਰ ਅਰਸ਼ ਦੀ ਬੁਲੰਦੀ

ਸੂਹੇ ਫੁੱਲਾਂ ਦੀ ਸੁਗੰਧੀ 

ਸਾਡੇ ਲੇਖਾਂ 'ਚ ਮਲੰਗੀ 

ਸਾਡੇ ਪੈਰਾਂ 'ਚ ਫਕੀਰੀ

ਸਾਡਾ ਖਾਨਗਾਹੀਂ ਵਾਸਾ

ਯਾਰੀ ਖੰਡਰਾਂ ਦਾ ਖੂਹ

ਸੱਪ ਸ਼ੀਹਾਂ ਵਾਲੀ ਜੂਹ 

ਮੋਏ ਮਿੱਤਰਾਂ ਦੀ ਰੂਹ

ਜਿਨੇ ਯਾਰ ਦਰ ਜਾਣਾ

ਉਹਦਾ ਟੁੱਟ ਜਾਣੈ ਕਾਸਾ

ਰੋਂਦੇ ਰੁੱਖਾਂ ਦੀ ਕਹਾਣੀ

ਸਾਥੋਂ ਸੁਣੀ ਨਹੀਉਂ ਜਾਣੀ

ਬੋੜੇ ਖੂਹ ਵਾਲਾ ਪਾਣੀ 

ਉਹਨੇ ਤੇਹ ਕੀ ਬੁਝਾਣੀ 

ਜੇਹੜਾ ਆਪੂ ਹੀ ਪਿਆਸਾ

ਜੋਗੀ ਕਿੱਕਰਾਂ ਦੇ ਬੀਅ

ਜੇਹੜਾ ਘੋਟ ਲਵੇ ਪੀ

ਉਹਦਾ ਰਾਜੀ ਹੋਜੇ ਜੀਅ 

ਜੇਹੜਾ ਬੀਜ ਦੇਵੇ ਵੇਹੜੇ 

ਹੋ ਜੇ ਕੰਡਿਆਂ ਦਾ ਵਾਸਾ

ਜੋਗ ਅੰਬਰਾਂ ਦਾ ਤਾਰਾ 

ਦੂਰੋਂ ਲੱਗਦਾ ਪਿਆਰਾ 

ਮੋਏ ਬੰਦੇ ਵਾਲਾ ਲਾਰਾ 

ਕਿਨਾਂ ਚਿਰ ਕੋਈ ਉਡੀਕੇ 

ਪੱਲੇ ਪੈਣੀ ਨਿਰਾਸ਼ਾ

📝 ਸੋਧ ਲਈ ਭੇਜੋ