ਦੁਨੀਆ ਹੱਥੋਂ ਡੰਗੀ ਮੈਂ।
ਲੱਭਾਂ ਇਸ਼ਕ ਦੀ ਝੰਗੀ ਮੈਂ।
ਡੋਲੀ ਬੈਠੀ ਹੋਰ ਕਿਸੇ ਦੀ,
ਹੋਰ ਕਿਸੇ ਨਾਲ਼ ਮੰਗੀ ਮੈਂ।
ਚੇਤੇ ਕਰ ਕਰ ਉਹਦਾ ਤੱਕਣਾ,
ਆਪਣੇ ਆਪ ਤੋਂ ਸੰਗੀ ਮੈਂ।
ਉਹਦੀ ਅੱਖ ਜੇ ਸਾਂਭ ਲਵੇ ਤੇ,
ਸਾਰੇ ਜੱਗ ਤੋਂ ਚੰਗੀ ਮੈਂ।
ਦਿਲ ਦੀ ਕੰਧ ਤੇ ਦੱਸੋ ਹਾਂ,
ਕਿਹੜੀ ਮੂਰਤ ਟੰਗੀ ਮੈਂ।
ਟੁਰ ਪਈ ਉਹਦੇ ਨਾਂ ਦੀ ਲੈ ਕੇ,
ਇੱਕ ਚੁੰਨੀ ਸਤਰੰਗੀ ਮੈਂ।
ਜੀਵਨ ਰਾਹ ਕੰਡਿਆਰਾ ਏ,
ਹਾਏ ਪੈਰੋਂ ਨੰਗੀ ਮੈਂ।
ਰਾਹੇ ਛੱਡ ਗਿਆਂ ਨੂੰ ਦੱਸਾਂ,
ਅੱਜ ਹਾਂ ਆਪਣੀ ਸੰਗੀ ਮੈਂ।
ਜੁੱਸੇ ਨੀਲ ਤੇ ਪੈਣੇ ਸਨ,
ਇਸ਼ਕ ਦੇ ਨਾਗ ਦੀ ਡੰਗੀ ਮੈਂ।
ਸੁਗ਼ਰਾ ਸਭ ਕੁਝ ਹੁੰਦੀਆਂ ਵੀ,
ਫ਼ਿਰ ਕਿਉਂ ਭੋਗੀ ਤੰਗੀ ਮੈਂ।
***
ਮੈਂ ਹਾਂ ਸੋਹਣੀ ਵੇਲੇ ਦੀ,
ਦਰਦ ਚੰਨ੍ਹਾਂ ਚੋਂ ਲੰਘੀ ਮੈਂ।
ਜਦ ਦੀ ਉਹਨੇ ਜ਼ੁਲਫ਼ ਸੰਵਾਰੀ,
ਫ਼ਿਰ ਨਾ ਕੀਤੀ ਕੰਘੀ ਮੈਂ।
***