ਈੜੀ ਇੱਕ ਹੀ ਬ੍ਰਹਮ ਸੱਭ ਨਜ਼ਰ ਦੇਖੇ, ਕਰੋ ਭਰਮ ਦੁਐਤ ਨੂੰ ਦੂਰ ਭਾਈ।
ਮੁਸਲਮਾਨ ਹਿੰਦੁ ਚੂਹੜਾ ਭਰਮ ਏਕੋ, ਜਾਣੇਂ ਇੱਕ ਖ਼ੁਦਾਇ ਦਾ ਨੂਰ ਭਾਈ।
ਨਹੀਂ ਰੂਹਾਂ ਦੀ ਜਾਤ-ਸਫ਼ਾਤ ਕੋਈ, ਇਕੋ ਰਾਮ ਰਹੀਮ ਰਸੂਲ ਭਾਈ।
ਬਰਾਹਮਣ ਖ਼ਤਰੀ ਛੱਤਰੀ ਸੋਢਵੰਸੀ, ਰਹੇ ਜਾਤ ਨ ਵਿੱਚ ਮਗ਼ਰੂਰ ਭਾਈ।
ਅੱਗੇ ਜਾਤ-ਸਫ਼ਾਤ ਨ ਪੁੱਛਨੀ ਜੇ, ਅੱਵਲ ਨੇਕੀਆਂ ਹੋਣ ਮਨਜ਼ੂਰ ਭਾਈ।
ਰੱਬ ਹਿੰਦੂ ਦੇ ਸਾਥ ਨ ਕੋਲ਼ ਰਹਿੰਦਾ, ਮੁਸਲਮਾਨ ਤੋਂ ਰਹੇ ਨਾ ਦੂਰ ਭਾਈ।
ਉੱਚੀ ਜਾਤ ਦਾ ਜੇ ਹੈ ਗ਼ਰੂਰ ਕਰਦਾ, ਓਹਨੂੰ ਸਮਝਨਾ ਪੁਰਸ਼ ਅੜੂਰ ਭਾਈ ।
ਉੱਚੇ ਟਿੱਬੇ ਤੇ ਘੁੱਟ ਨ ਰਹੇ ਪਾਣੀ, ਨੀਵਾਂ ਰੱਜਿਆ ਰਹੇ ਭਰਪੂਰ ਭਾਈ।
ਏਹੋ ਗਰਬ ਇਨਸਾਨ ਨੂੰ ਡੋਬਦਾ ਈ, ਜਿਵੇਂ ਪਾਣੀ ਰੁਆਂਵਦਾ ਬੂਰ ਭਾਈ ।
ਦਿਨ ਕੱਟ ਲੈ ਚਾਰ ਜਹਾਨ ਉੱਤੇ, ਜ਼ਰਾ ਹੋਇਕੇ ਸੱਭ ਦੀ ਧੂੜ ਭਾਈ ।
ਸੰਗਤ ਕੀਤਿਆਂ ਬਾਝ ਨ ਨਰਮ ਹੋਵੇ, ਮਨ ਜਿਨ੍ਹਾਂ ਦਾ ਸਖ਼ਤ ਮਨੂਰ ਭਾਈ।
ਨਾਮ-ਦਾਨ ਹੈ ਜਿਨ੍ਹਾਂ ਦੇ ਖ਼ਰਚ ਪੱਲੇ, ਸੋਈ ਲੰਘਦੇ ਪਹਿਲੜੇ ਪੂਰ ਭਾਈ।
ਬਿਨਾਂ ਬੰਦਗੀ ਬੰਦਿਆਂ ਬਣੂੰ ਭਾਰੀ, ਜਾਵੇਂ ਅੰਤ ਨੂੰ ਜੱਗ ਤੋਂ ਝੂਰ ਭਾਈ ।
ਅੱਗੇ ਰੂਪ-ਕਰੂਪ ਦਾ ਮੁੱਲ ਨਾਹੀਂ, ਹੋਵੇ ਸੱਲ ਜੇ ਪਦਮਨੀ ਹੂਰ ਭਾਈ ।
ਰਾਮ ਖਾਇ ਲੀਤੇ ਬੇਰ ਭੀਲਣੀ ਦੇ, ਜਾਤਾਂ ਉੱਚੀਆਂ ਛੱਡਕੇ ਦੂਰ ਭਾਈ।
ਦੇਵਾ ਸਿੰਘ ਦੁਰਜੋਧਨ ਦੇ ਤਿਆਗ ਮੇਵੇ, ਕੀਤਾ ਬਿਦਰ ਦਾ ਸਾਗ ਮਨਜ਼ੂਰ ਭਾਈ ।