ਈੜੀ ਕਹੇ ਈਸ਼ਵਰ ਧੰਨ ਹੈਂ ਤੂੰ, ਨਹੀਂ ਤੈਂਡੜੇ ਅੰਤ ਸ਼ੁਮਾਰ ਹੁੰਦੇ ।
ਲੱਖੋ ਕੱਖ ਬਨਾਵਨਾ ਪਲਕ ਅੰਦਰ, ਕਰੇਂ ਇੱਕ ਤੋਂ ਲੱਖ-ਹਜ਼ਾਰ ਹੁੰਦੇ।
ਜਿਹੜੇ ਬਹੁਤ ਕੰਗਾਲ ਯਤੀਮ ਅਦਨੇ, ਕਦੇ ਦੇਖੀਏ ਤਾਂ ਸਜ਼ਾਵਾਰ ਹੁੰਦੇ।
ਮਾਲਕ ਹੈਨ ਜੋ ਧਨਾਂ ਖ਼ਜ਼ਾਨਿਆਂ ਦੇ, ਕਦੇ ਟੁਕੜਿਆਂ ਤੋਂ ਅਵਾਜ਼ਾਰ ਹੁੰਦੇ।
ਕਦੇ ਨੌਕਰੀ ਕਿਨ੍ਹਾਂ ਦੀ ਆਪ ਕਰਦੇ, ਲੱਖ ਜਿਨ੍ਹਾਂ ਦੇ ਤਾਬਿਆਦਾਰ ਹੁੰਦੇ।
ਹੋਵਨ ਫ਼ੌਜ ਦੇ ਵਿੱਚ ਰੰਗਰੂਟ ਭਰਤੀ, ਕਦੇ ਦੇਖੀਏ ਤਾਂ ਸਜ਼ਾਵਾਰ ਹੁੰਦੇ।
ਕਿਸੇ ਰੋਜ਼ ਮੇਂ ਪੌਣ ਤਰੱਕੀਆਂ ਨੂੰ, ਕਦੇ ਦੇਖੀਏ ਤਾਂ ਸਜ਼ਾਵਾਰ ਹੁੰਦੇ ।
ਕਦੇ ਦੇਖੀਏ ਵਿਚ ਕਮੇਟੀਆਂ ਦੇ, ਕਿਸੇ ਰੋਜ਼ ਕਚਹਿਰੀਓਂ ਬਾਹਰ ਹੁੰਦੇ।
ਕਿਸੇ ਰੋਜ਼ ਮੇਂ ਉੱਡਦੀ ਖੇਹ ਮਿੱਟੀ, ਜਿੱਥੇ ਰੌਨਕੀ ਸ਼ਹਿਰ-ਬਜ਼ਾਰ ਹੁੰਦੇ।
ਕਦੇ ਵਿਚ ਜਹਾਨ ਦੇ ਭਖ ਲੌਂਦੇ, ਕਦੇ ਦੇਖੀਏ ਬਾਗ਼-ਬਹਾਰ ਹੁੰਦੇ।
ਕਦੇ ਦੇਖੀਏ ਜਮਾਂ ਦੀ ਮਾਰ ਖਾਂਦੇ, ਫੁੱਲ ਜਿਨ੍ਹਾਂ ਦੇ ਨਹੀਂ ਸਹਾਰ ਹੁੰਦੇ।
ਜਿਹੜੇ ਘੜੀ ਨ ਕੱਟਦੇ ਹੁਕਮ ਅੰਦਰ, ਪੈਰੀਂ ਬੇੜੀਆਂ ਤੇ ਗ੍ਰਿਫ਼ਤਾਰ ਹੁੰਦੇ।
ਨਾਜ਼ਕ ਜਿਨ੍ਹਾਂ ਦੇ ਬਦਨ ਬਰੀਕ ਬਾਂਕੇ, ਕਦੇ ਦੇਖੀਏ ਫੜੇ ਵਗਾਰ ਹੁੰਦੇ।
ਜਿਨਕੇ ਨਹੀਂ ਸਮਾਂਵਦੀ ਪੱਗ ਬੱਧੀ, ਕਦੇ ਦੇਖੀਏ ਸਿਰਾਂ ਦੇ ਭਾਰ ਹੁੰਦੇ।
ਜਿਨ੍ਹਾਂ ਦੇਖਿਆ ਨਹੀਂ ਸਿਪਾਹੀਆਂ ਨੂੰ, ਕਦੀ ਮਾਮਲੇ ਪਏ ਸਰਕਾਰ ਹੁੰਦੇ।
ਕਿਸੇ ਰੋਜ਼ ਨੰਗੇ ਪੈਰੀਂ ਮੰਜ਼ਲ ਕਰਦੇ, ਜਿਹੜੇ ਹਾਥੀਆਂ ਬੈਠ ਸਵਾਰ ਹੁੰਦੇ।
ਕਦੇ ਦੇਖੀਏ ਬਿਸਤਰੇ ਖ਼ਾਕ ਉੱਤੇ, ਹੇਠ ਜਿਨ੍ਹਾਂ ਦੇ ਪਲੰਘ ਨਵਾਰ ਹੁੰਦੇ।
ਦੇਵਨੇਤ ਦੇਖੋ ਫਾਂਸੀ ਆਪ ਚੜ੍ਹਦੇ, ਫਾਂਸੀ ਦੇਣ ਦੇ ਜਿਨ੍ਹਾਂ ਅਖ਼ਤਿਆਰ ਹੁੰਦੇ।
ਵਖਤ ਪਏ ਬਦਲ ਮੌਸਮ ਹਾੜ ਅੰਦਰ, ਸਰਦ-ਖ਼ਾਨਿਓ ਨਾ ਜਿਹੜੇ ਬਾਹਰ ਹੁੰਦੇ।
ਜਿਨ੍ਹਾਂ ਬੀਵੀਆਂ ਨੂੰ ਲੱਗਣ ਸੱਤ ਪੜ੍ਹਦੇ, ਅੱਗੇ ਹਾਕਮਾਂ ਪਏ ਇਜ਼ਹਾਰ ਹੁੰਦੇ।
ਜਿਹੜੇ ਅੱਜ ਜਹਾਨ ਤੇ ਸੈਰ ਕਰਦੇ, ਮੁਲਕ-ਅਦਮ ਨੂੰ ਕੱਲ੍ਹ ਤਿਆਰ ਹੁੰਦੇ।
ਪਰ ਨੂੰ ਦੇਖੀਏ ਨਾਮ-ਨਿਸ਼ਾਨ ਨਾਹੀਂ, ਜਿਹੜੇ ਜੱਗ ਤੇ ਐਤਕੀਂ ਵਾਰ ਹੁੰਦੇ ।
ਜਿਨ੍ਹਾਂ ਡਿਠਿਆਂ ਬਾਝ ਨਾ ਜੀਵੰਦੇ ਹਾਂ, ਕਿਸੇ ਰੋਜ਼ ਨੂੰ ਨਹੀਂ ਦੀਦਾਰ ਹੁੰਦੇ।
ਨਾਮ ਜਿਨ੍ਹਾਂ ਦਾ ਦਰਜ ਨਾ ਕਾਗ਼ਜ਼ਾਂ ਵਿਚ, ਕਦੇ ਦੇਖੀਏ ਛਪੇ ਅਖ਼ਬਾਰ ਹੁੰਦੇ।
ਪਏ ਪਲਨ ਮਮੂਕ ਯਤੀਮ ਖ਼ਾਨੇ, ਮਾਤਾ-ਪਿਤਾ ਜਿਨਕੇ ਖ਼ਿਦਮਤਗਾਰ ਹੁੰਦੇ।
ਵਾਹ-ਵਾਹ ਕੀ ਅਜਬ ਖ਼ਿਆਲ ਦੇਖੇ, ਇਸ ਤਰ੍ਹਾਂ ਦੇ ਧਰਮ-ਦੁਆਰ ਹੁੰਦੇ ।
ਦੇਖੇ ਤਿਨ੍ਹਾਂ ਦੇ ਮਾਲ ਨਿਲਾਮ ਹੁੰਦੇ, ਜਿਨਕੇ ਸਾਮੀਆਂ ਲੋਕ ਹਜ਼ਾਰ ਹੁੰਦੇ।
ਕਿਸੇ ਰੋਜ਼ ਨਾ ਦੇਖੀਏ ਕੋਲ਼ ਕੌਡੀ, ਪਾਸ ਜਿਨ੍ਹਾਂ ਦੇ ਲਾਲ ਜਵਾਹਰ ਹੁੰਦੇ।
ਜਿਹੜੇ ਸੈਂਕੜੇ ਮਣਾਂ ਦਾ ਦਾਨ ਕਰਦੇ, ਕਦੀ ਮੰਗਦੇ ਵਿੱਚ ਬਜ਼ਾਰ ਹੁੰਦੇ।
ਪਾਣੀ ਭਰਦੇ ਰਹੇ ਘਰ ਚੂੜ੍ਹਿਆਂ ਦੇ, ਹਰੀ ਚੰਦ ਜੀ ਧਰਮ ਦਾਤਾਰ ਹੁੰਦੇ।
ਜੂਆ ਪਾਂਡਵਾਂ ਖੇਡਿਆ ਦਯਾ ਸਿੰਘਾ, ਘਰ-ਘਰ ਮੇਂ ਫਿਰੇ ਖ਼ਵਾਰ ਹੁੰਦੇ।