ਜਿੰਨਾਂ ਦੇ ਸੁਪਨੇ ਹੰਝੂਆਂ ਰੰਗੇ,
ਦੁਨੀਆਂ ਹੱਸਣ ਦਾ ਮੁੱਲ ਮੰਗੇ,
ਪਰੀਆਂ ਕਲੀਆਂ ਨਦੀਆਂ ਕਹਿ ਕਹਿ
ਲੋਕਾਂ ਜੋ ਵਡਿਆਈਆਂ,
ਇਹ ਕੁੜੀਆਂ ਕਿਹੜੇ ਦੇਸ ਤੋਂ ਆਈਆਂ
ਏਹ ਧੀਆਂ ਕੇਹੜੇ ਦੇਸੋਂ ਆਈਆਂ ।
ਜਦ ਮੁਸਕਾਈਆਂ ਤਾਂ ਪੌਣਾਂ ਨੂੰ ਵਗਣਾ ਚੇਤੇ ਆਇਆ,
ਏਹਨਾ ਦੇ ਮੋਹ ਸਦਕਾ ਮਹਿਕੇ
ਹਰ ਰਿਸ਼ਤੇ ਦਾ ਸਾਇਆ,
ਕਦੇ ਇਹ ਮਾਂਵਾਂ ਕਦੇ ਇਹ ਭੈਣਾਂ
ਕਦੇ ਬਣਨ ਭਰਜਾਈਆਂ,
ਇਹ ਕੁੜੀਆਂ ਕਿਹੜੇ ਦੇਸ ਤੋਂ ਆਈਆਂ
ਏਹ ਧੀਆਂ ਕੇਹੜੇ ਦੇਸੋਂ ਆਈਆਂ ।
ਜਿਉਂ ਕਿੱਲੀ ‘ਤੇ ਟੰਗੀਆਂ ਤਰਸਣ
ਉੱਡਣ ਲਈ ਪਤੰਗਾਂ,
ਇੱਕ ਹਾਉਂਕੇ ਦੇ ਵਿੱਚ ਲਪੇਟਣ
ਇਹ ਵੀ ਲੱਖ ਉਮੰਗਾਂ,
ਬਿਨ ਮਾਣੇ ਰੁੱਤਾਂ ਵੀ ਜਿੰਨਾਂ
ਸੁਪਨੇ ਵਾਂਗ ਹੰਢਾਈਆਂ,
ਇਹ ਕੁੜੀਆਂ ਕਿਹੜੇ ਦੇਸ ਤੋਂ ਆਈਆਂ
ਏਹ ਧੀਆਂ ਕੇਹੜੇ ਦੇਸੋਂ ਆਈਆਂ ।
ਦਸਦਾ ਹੈ ਇਤਿਹਾਸ ਕਿ ਇਹ ਨਹੀਂ
ਘੱਟ ਕਿਸੇ ਵੀ ਗੱਲੋਂ ,
ਇਨਕਲਾਬ ਦੇ ਝੰਡੇ ਵੀ ਨੇ
ਝੂਲੇ ਏਹਨਾ ਵੱਲੋਂ ,
ਨ੍ਹੇਰੀ ਰਾਤ ‘ਚ ਸਰਘੀ ਬਣੀਆਂ
ਇਹ ਸੂਰਜ ਦੀਆਂ ਜਾਈਆਂ,
ਇਹ ਕੁੜੀਆਂ ਕਿਹੜੇ ਦੇਸ ਤੋਂ ਆਈਆਂ
ਏਹ ਧੀਆਂ ਕੇਹੜੇ ਦੇਸੋਂ ਆਈਆਂ ।
ਕੁਦਰਤ ਵਾਂਗ ਇਹਨਾ ਦੀ ਪੂਰੀ
ਕਿਸੇ ਨਾ ਲਿਖੀ ਕਹਾਣੀ,
ਇਸ ਮਿੱਟੀ ਨੂੰ ਧੋਵਣ ਦੇ ਲਈ
ਨਈਂ ਬਣਿਆਂ ਕੋਈ ਪਾਣੀ,
ਨੈਣੀਂ ਨੀਰ ਸ਼ੀਰ ਵਿੱਚ ਸੀਨੇ
ਫਿਰ ਵੀ ਜੋ ਤਿਰਹਾਈਆਂ,
ਇਹ ਕੁੜੀਆਂ ਕਿਹੜੇ ਦੇਸ ਤੋਂ ਆਈਆਂ
ਏਹ ਧੀਆਂ ਕੇਹੜੇ ਦੇਸੋਂ ਆਈਆਂ ।
ਨੂਰ ਵੰਡ ਕੇ ਵੀ ਔਰਤ ਨਾ
ਕਿਸੇ ਜਨਮ ਵਿੱਚ ਥੱਕੇ,
ਇਹ ਦੁਨੀਆਂ ਧੀਆਂ ਦਾ ਕਰਜ਼ਾ
ਮੋੜ ਕਦੇ ਨਾ ਸਕੇ,
ਰਹਿਣ ‘ਅਜ਼ੀਮ’ ਇਹਨਾਂ ਦੀਆਂ ਰਾਹਾਂ
ਹਰ ਯੁੱਗ ਵਿੱਚ ਰੁਸ਼ਨਾਈਆਂ,
ਇਹ ਕੁੜੀਆਂ ਕਿਹੜੇ ਦੇਸ ਤੋਂ ਆਈਆਂ
ਏਹ ਧੀਆਂ ਕੇਹੜੇ ਦੇਸੋਂ ਆਈਆਂ ।