ਏਹ ਕੇਹੇ ਦਰਦ ਨੀ ਮਾਏ

ਏਹ ਕੇਹੇ ਦਰਦ ਨੀ ਮਾਏ 

ਏਹ ਕੇਹੀ ਪੀੜ ਨੀ ਭੈਣੇ,

ਮਿਲੇ ਜੋ ਜਨਮ ਤੋਂ ਸਾਨੂੰ 

ਪਏ ਨੇ ਉਮਰ ਭਰ ਸਹਿਣੇ,

ਏਹ ਕੇਹੇ ਦਰਦ ਨੀ ਮਾਏ 

ਏਹ ਕੇਹੀ ਪੀੜ ਨੀ ਭੈਣੇ....।

ਮੇਰੇ ਕੱਫਨ ਦਾ ਮੈਨੂੰ ਹੀ 

ਜੋ ਲਿਖਕੇ ਮੇਚ ਦਿੰਦੇ ਨੇ,

ਮੇਰੇ ਸੁੱਤੇ ਪਿਆਂ ਅਕਸਰ 

ਜੋ ਮੈਨੂੰ ਵੇਚ ਦਿੰਦੇ ਨੇ,

ਏਹ ਬੌਣੀ ਸੋਚ ਦੇ ਪੁਤਲੇ 

ਮੇਰੇ ਹੀ ਸ਼ਹਿਰ ਰਹਿੰਦੇ ਨੇ,

ਮੇਰੇ ਗੀਤਾਂ ਦੇ ਕਲਸਾਂ ‘ਤੇ 

ਜੋ ਬਣਕੇ ਕਾਗ ਬਹਿੰਦੇ ਨੇ,

ਨਹੀਂ ਸਹਿੰਦੇ ਇਹ ਜਦ ਲਿਸ਼ਕਣ

ਮੇਰੇ ਜਜ਼ਬਾਤ ਦੇ ਗਹਿਣੇ,

ਏਹ ਕੇਹੇ ਦਰਦ ਨੀ ਮਾਏ 

ਏਹ ਕੇਹੀ ਪੀੜ ਨੀ ਭੈਣੇ...।

ਰੋਟੀ ਕੋਧਰੇ ਦੀ ਜਦ ਮੇਰੇ 

ਹੌਂਕੇ ‘ਤੇ ਪੱਕਦੀ ਹੈ,

ਤਾਂ ਢਾਣੀ ਲਾਲੋਆਂ ਦੀ ਫਿਰ 

ਖੜੀ ਹੈਰਾਨ ਤੱਕਦੀ ਹੈ,

ਨਜ਼ਰ ਮੇਰੀ ‘ਚ ਧੁਖਦੀ ਹੈ 

ਚੁਰਾਸੀ ਦੀ ਕਹਾਣੀ ਵੀ,

ਹੈ ਸੁੱਕੇ ਖੇਤ ਤੱਕ ਜਾਂਦਾ 

ਮੇਰੇ ਨੈਣਾਂ ਦਾ ਪਾਣੀ ਵੀ,

ਕਿਉਂ ਜਾਪੇ ਉਮਰ ਦੀ ਚਾਦਰ ‘ਤੇ

ਫੁੱਲ ਰੀਝਾਂ ਦੇ ਨਈਂ ਪੈਣੇ,

ਏਹ ਕੇਹੇ ਦਰਦ ਨੀ ਮਾਏ 

ਏਹ ਕੇਹੀ ਪੀੜ ਨੀ ਭੈਣੇ....।

ਮੇਰੀ ਰੂਹ ਤੋਂ ਲਿਖੀ ਗੱਲ ਨੂੰ 

ਸਮੇਂ ਦਾ ਸੱਚ ਪੁੱਗਦਾ ਹੈ,

ਏਹ ਸੁਣਕੇ ਪਰ ਕਈਆਂ ਦੀ

ਜੀਭ ‘ਤੇ ਕਿਉਂ ਕੱਚ ਉੱਗਦਾ ਹੈ,

ਮੈਂ ਮਨ ਦਾ ਗੇਰੂਆ ਚੋਲ਼ਾ ਵੀ

ਅਕਸਰ ਲਾਲ ਰੰਗਦਾ ਹਾਂ,

ਅਜਨਮੇ ਸ਼ਬਦ ਦੀ ਤਸਵੀਰ ਨੂੰ 

ਪੌਣਾਂ ‘ਤੇ ਟੰਗਦਾ ਹਾਂ,

ਅਸੀਂ ਹਾਂ ਉਹ ਰਵੀ ਛਿਪਕੇ ਵੀ

ਜੋ ਅੰਬਰ ਤੋਂ ਨਈਂ ਲਹਿਣੇ,

ਏਹ ਕੇਹੇ ਦਰਦ ਨੀ ਮਾਏ 

ਏਹ ਕੇਹੀ ਪੀੜ ਨੀ ਭੈਣੇ..।

ਇਹਨਾਂ ਪੀੜਾਂ ਦੇ ਮੁੱਕਣ ਦੀ 

ਨਈਂ ਮੁੱਕੀ ਆਸ ਵੀ ਹਾਲੇ, 

ਖੜਾਵਾਂ ਨਾਲ ਬੱਝਾ ਹੈ 

ਮੇਰਾ ਪਰਵਾਸ ਵੀ ਹਾਲੇ, 

ਮੇਰੇ ਪੈਰਾਂ ਨੇ ਹਾਲੇ ਠੋਕਰਾਂ ਨੂੰ 

ਮਾਤ ਦੇਣੀ ਹੈ, 

ਤੇ ਮੈਨੂੰ ਜ਼ਿੰਦਗੀ ਨੇ ਜੀਣ ਦੀ

ਸੌਗ਼ਾਤ ਦੇਣੀ ਹੈ,

ਜਦੋਂ ਹਾਲਾਤ ਮੰਨਣਗੇ ਅਸਾਡੇ

ਸਿਦਕ ਦੇ ਕਹਿਣੇ,

ਤਾਂ ਮੁੱਕਣੇ ਦਰਦ ਨੇ ਮਾਏ

ਤੇ ਮੁੱਕਣੀ ਪੀੜ ਵੀ ਭੈਣੇ ।

📝 ਸੋਧ ਲਈ ਭੇਜੋ