ਇਹ ਪੱਥਰਾਂ ਦਾ ਸ਼ਹਿਰ

ਇਹ ਪੱਥਰਾਂ ਦਾ ਸ਼ਹਿਰ ਏਥੇ ਅੱਖਰਾਂ ਦੀ ਘਾਟ ਹੈ

ਸ਼ਬਦਾਂ ਦੀਆਂ ਮੁਰਗਾਬੀਆਂ ਨੂੰ ਸਰਵਰਾਂ ਦੀ ਘਾਟ ਹੈ

ਹੁੰਦੀ ਬੜੀ ਹੈ ਬਹਿਸ ਏਥੇ ਬੇ—ਨਤੀਜਾ ਰੋਜ਼ ਹੀ

ਉਲਝਣ ਨ ਕੋਈ ਸੁਲਝਦੀ, ਦਾਨੀਸ਼ਵਰਾਂ ਦੀ ਘਾਟ ਹੈ

ਸਾਰਾ ਜ਼ਮਾਨਾ ਹੁਣ ਦੁਕਾਨਾਂ ਦਾ ਦੀਵਾਨਾ ਹੋ ਗਿਆ

ਸ਼ੀਸ਼ੇ ਤੇ ਮਰਮਰ ਦੇ ਮਕਾਨਾਂ ਵਿਚ ਘਰਾਂ ਦੀ ਘਾਟ ਹੈ

ਸਭ ਕੁਝ ਮਸ਼ੀਨੀ ਹੋ ਗਿਆ ਹੁਣ ਤਾਂ ਯਕੀਨੀ ਤੌਰ ਤੇ

ਹੁਣ ਦਿਲ ਵਿਚਾਰਾ ਕੀ ਕਰੇ ਹੁਣ ਦਿਲਬਰਾਂ ਦੀ ਘਾਟ ਹੈ

ਨਜ਼ਰਾਂ ’ਚ ਸੀ ਆਕਾਸ਼ ਤਾਂ ਫੜ ਕੇ ਸ਼ਿਕਾਰੀ ਲੈ ਗਏ

ਹੁਣ ਪਿੰਜਰਾ ਭਾਵੇਂ ਨਹੀਂ ਪਰ ਹੁਣ ਪਰਾਂ ਦੀ ਘਾਟ ਹੈ

ਹੁਣ ਜ਼ਿੰਦਗੀ ਦੇ ਮੰਚ ’ਤੇ ਬਸ ਰਹਿ ਗਏ ਪ੍ਰਪੰਚ ਨੇ

ਕਿਰਦਾਰ ਅਸਲੀ ਜੀਣ ਵਾਲੇ ਪਾਤਰਾਂ ਦੀ ਘਾਟ ਹੈ

ਹਰ ਚੀਜ਼ ਦੀ ਬਹੁਤਾਤ ਏਥੇ ਹੈ ‘ਅਮਰ’ ਰੱਬ ਦੇ ਬਿਨਾਂ

ਨਾ ਮਸਜਿਦਾਂ ਦੀ ਹੈ ਕਮੀ ਨਾ ਮੰਦਰਾਂ ਦੀ ਘਾਟ ਹੈ

📝 ਸੋਧ ਲਈ ਭੇਜੋ