ਏਨਾ ਵੀ ਕੀ ਚੁੱਪ—ਚੁੱਪ ਰਹਿਣਾ, ਕੋਈ ਤਾਂ ਕਰ ਗੱਲ ਕਦੇ
ਗੱਲ ਨਹੀਂ ਕਰਨੀ ਤਾਂ ਕੋਈ ਖ਼ਤ ਪੱਤਰ ਹੀ ਘੱਲ ਕਦੇ
ਅਰਸਾ ਬੀਤ ਗਿਆ ਲਿਖਵਾਇਆਂ ਬੂਹੇ ’ਤੇ ‘ਜੀ ਆਇਆਂ ਨੂੰ’
ਅੱਜ ਨਿਕਲ ਜਾਵੇ ਤਾਂ ਸੋਚਾਂ ‘ਆਵੇਂਗਾ ਤੂੰ ਕੱਲ੍ਹ ਕਦੇ’
ਹੱਥ ਹਿਲਾ ਕੇ ਤੁਰ ਜਾਵੇਂ ਤੇ ਅੱਗੇ ਜਾ ਕੇ ਮੁੜ ਜਾਵੇਂ
ਕਾਸ਼! ਕਿਤੇ ਤੂੰ ਬੈਠਾ ਹੋਵੇਂ ਰਾਹ ਮੇਰੇ ਨੂੰ ਮੱਲ ਕਦੇ
ਫੇਰ ਕਿਸੇ ਵੀ ਰੁੱਖ ਦੇ ਹੇਠਾਂ ਭਾਵੇਂ ਤੂੰ ਵਿਸ਼ਰਾਮ ਕਰੀਂ
ਸਿਖਰ ਦੁਪਹਿਰੇ ਕੁਝ ਪੈਂਡਾਂ ਤਾਂ ਨਾਲ ਮੇਰੇ ਤੂੰ ਚੱਲ ਕਦੇ
ਬਹੁਤ ਸਿਆਣਾ ਸਾਥੀ ਮੇਰਾ ਗ਼ੈਰਾਂ ਦੇ ਵਿਚ ਉਲਝ ਗਿਆ
ਮੈਨੂੰ ਦੱਸਿਆ ਕਰਦਾ ਸੀ ਜੋ ਹਰ ਮੁਸ਼ਕਿਲ ਦਾ ਹੱਲ ਕਦੇ