ਏਸ ਬੋਲ ਨੂੰ ਅਜੇ ਨਾ ਬੋਲੀਂ

ਏਸ ਬੋਲ ਨੂੰ ਅਜੇ ਨਾ ਬੋਲੀਂ, ਅਜੇ ਤੂੰ ਰੱਖ ਲੈ ਕੋਲ, 

ਅਜੇ ਤਾਂ ਇਸਨੇ ਸੁਰਤ ਨਾ ਸੰਭਲੀ, ਅਜੇ ਬੜਾ ਅਨਭੋਲ।

ਰੋਜ਼ ਰਾਤ ਨੂੰ ਸੁਪਨਾ ਆਉਂਦਾ, ਸੁਪਨਾ ਬਹੁਤ ਅੰਝਾਣਾ, 

ਅਜੇ ਤਾਂ ਉਹ ਹੈ ਦੋਧੇ ਦੰਦੀ, ਅਜੇ ਤਾਂ ਖੇਡਣ ਜਾਣਾ, 

ਅਜੇ ਤਾਂ ਉਹ ਹੈ ਫੁੱਲ ਦੀ ਉਮਰੇ ਲੋਰੀ ਕਰੇ ਕਲੋਲ 

ਏਸ ਬੋਲ ਨੂੰ ਅਜੇ ਨਾ ਬੋਲੀਂ ਅਜੇ ਤੂੰ ਰੱਖ ਲੈ ਕੋਲ।

ਏਸ ਬੋਲ ਦੀ ਬਿਰਤੀ ਦੇ ਵਿੱਚ ਰੀਝ ਕਰੂੰਬਲ ਵਰਗੀ, 

ਏਸ ਬੋਲ ਨੇ ਰੁੱਖ ਹੈ ਬਣਨਾ, ਮੌਸਮ ਬੜਾ ਬੇਦਰਦੀ, 

ਏਸ ਬੋਲ ਦੇ ਨੈਣੀ ਚੰਬਾ ਅਜੇ ਸ਼ਬਦ ਨੇ ਸੋਹਲ 

ਏਸ ਬੋਲ ਨੂੰ ਅਜੇ ਨਾ ਬੋਲੀਂ-ਅਜੇ ਤੂੰ ਰੱਖ ਲੈ ਕੋਲ।

ਏਸ ਬੋਲ ਦਾ ਬਚਪਨ ਪੂਰਨ ਜਿਉਂਦੇ ਮੋਈਆਂ ਮਾਵਾਂ, 

ਬਾਬਲ ਰਾਜਾ ਤਖਤ ਦਾ ਵਾਲੀ ਪੁੱਤਰ ਫਿਰੇ ਨਿਥਾਵਾਂ, 

ਬੇਬਸ ਮਮਤਾ ਅੰਨ੍ਹੀ ਬੋਲੀ ਕੱਟਣੀ ਉਮਰ ਅਬੋਲ 

ਏਸ ਬੋਲ ਨੂੰ ਅਜੇ ਨਾ ਬੋਲੀਂ, ਅਜੇ ਤੂੰ ਰੱਖ ਲੈ ਕੋਲ ।

ਏਸ ਬੋਲ ਸਰਵਣ ਦੀ ਜੂਨੇ ਚੁਕਣੀ ਦੁੱਖ ਦੀ ਵਹਿੰਗੀ, 

ਮਿੱਤਰਾਂ ਦਾ ਰਿਣ ਪੂਰਾ ਕਰਦੇ ਕੱਟਣੀ ਉਮਰਾ ਰਹਿੰਦੀ, 

ਮੋਇਆਂ ਦੇ ਸਿਰਨਾਵੇਂ ਲੱਭਦੇ ਜਿੰਦ ਲੈਣੀ ਏ ਰੋਲ 

ਏਸ ਬੋਲ ਨੂੰ ਅਜੇ ਨਾ ਬੋਲੀਂ, ਅਜੇ ਤੂੰ ਰੱਖ ਲੈ ਕੋਲ।

ਪੰਛੀ ਤੇ ਪਰਦੇਸੀ ਵਾਲਾ ਹਾਲ ਹੈ ਇਸਦਾ ਹੋਣਾ 

ਧੁਖਦੇ ਰੁੱਖ ਦੀ ਛਾਂ ਦਾ ਸੁਪਨਾ ਬੇ-ਵਤਨਾਂ ਲਈ ਰੋਣਾ, 

ਕਿਸ ਬੋਲੀ ਵਿਚ ਇਸਨੂੰ ਬੋਲਾਂ ਮਨਚਿਤ ਡਾਵਾਂ ਡੋਲ 

ਏਸ ਬੋਲ ਨੂੰ ਅਜੇ ਨਾ ਬੋਲੀਂ, ਅਜੇ ਤੂੰ ਰੱਖ ਲੈ ਕੋਲ।

ਰਾਤ ਹਨੇਰੀ ਪੈਰੀਂ ਪੱਥਰ ਅਜੇ ਤਾਂ ਦੂਰ ਟਿਕਾਣਾ 

ਦਿਲਬਰ, ਦੇਸ, ਦਿਸ਼ਾ ਨਾ ਕੋਈ ਭਾਲਦਿਆਂ ਮਰ ਜਾਣਾ, 

ਕਿਸੇ ਨਾ ਲੈਣੀ ਸਾਰ ਏਸਦੀ ਕਿਸੇ ਨਾ ਬਹਿਣਾ ਕੋਲ 

ਏਸ ਬੋਲ ਨੂੰ ਅਜੇ ਨਾ ਬੋਲੀਂ, ਅਜੇ ਤੂੰ ਰੱਖ ਲੈ ਕੋਲ 

ਅਜੇ ਤਾਂ ਇਸਨੇ ਸੁਰਤ ਨਾ ਸੰਭਲੀ, ਅਜੇ ਬੜਾ ਅਣਭੋਲ।

📝 ਸੋਧ ਲਈ ਭੇਜੋ