ਫੱਫਾ ਫੇਰ ਜਿੰਦੇ ਪਛੋਤਾਵਣਾ ਹੈ, ਜਦੋਂ ਦਿਨ ਅਖ਼ੀਰ ਦੇ ਔਣਗੇ ਨੀ

ਹੀਰੇ ਜਿੰਦੜੀਏ ਨੀ ਤੈਨੂੰ ਜਮ-ਖੇੜੇ, ਵਿਆਹੁਣ ਵਾਸਤੇ ਇਕ ਦਿਨ ਔਣਗੇ ਨੀ

ਗ੍ਰਿਫ਼ਤਾਰ ਕਰ ਬੰਨ੍ਹਕੇ ਲੈ ਜਾਸਨ, ਕੇਹੜੇ ਦਰਦੀ ਯਾਰ ਛਡਾਉਣਗੇ ਨੀ ?

ਅਉਧ ਪੁੱਜਗੀ ਤੇ ਕਾਲ ਸ਼ੇਰ ਬਲੀ, ਪੰਜਾ ਸੀਸ ਤੇ ਆਣ ਟਕੌਣਗੇ ਨੀ।

ਤੇਰੇ ਮੱਥਿਓ ਲਾਲੜੀ ਉੱਡ ਜਾਸੀ, ਨੇਤਰ ਪੀਲੜੇ ਹੋਠ ਕਮਲੌਣਗੇ ਨੀ।

ਵਾਹੀ ਧਾਰ ਭਿਆਨਕ ਰੂਪ ਜਿੰਦੇ, ਤੈਨੂੰ ਡੈਣ ਦੇ ਵਾਂਗ ਡਰੌਣਗੇ ਨੀ।

ਦੋਖੀ ਜਦ ਲਚਾਰ ਉਤਾਰ ਭੁੰਝੇ, ਲਾੜੇ ਜਮ ਦੇ ਨਾਲ ਪਰਣੌਨਗੇ ਨੀ

ਤੇਰੇ ਪਿਛਲੇ ਮਾਤਮੀ ਸਗਨ ਕਰਸਨ, ਗੰਗਾਜਲੀ ਨਾਲ ਮੁੱਖ ਜੁਠੌਣਗੇ ਨੀ।

ਜਿਵੇਂ ਫੇਰਿਆਂ ਤੇ ਪਿਤਰੇ ਪੜ੍ਹਣ ਬਾਮਣ, ਗੀਤਾ ਖੋਲ੍ਹ ਨਿਆਇ ਸੁਣੌਣਗੇ ਨੀ।

ਜਿਵੇਂ ਕੁੜੀ ਦਾ ਪਕੜਕੇ ਹੱਥ ਬਾਮ੍ਹਣ, ਵੈਦ ਸੱਦਕੇ ਨਬਜ਼ ਵਖੌਣਗੇ ਨੀ

ਤੇਰੀ ਰੱਤ ਦੀ ਜਮਾਂ ਨੇ ਮਦ ਪੀਣੀ, ਦੇਕੇ ਤੰਗਸੀ ਹੱਡ ਕੜਕੌਣਗੇ ਨੀ।

ਤਨ ਪੀੜ ਤੇਰਾ ਮੱਛੀ ਵਾਂਗ ਕਰਸਨ, ਮੌਤ ਵੇਲਣੇ ਵਿੱਚ ਲਗੌਣਗੇ ਨੀ

ਖਿੜੇ ਰਹਿਣ ਗੁਲਾਬ ਦੇ ਫੁੱਲ ਵਾਂਗੂੰ, ਮੱਤ ਧੁੱਪ ਦੇ ਵਿੱਚ ਕੁਮਲੌਣਗੇ ਨੀ।

ਤੇਰੇ ਦਰਦੀ ਨੇਤਰਾਂ ਬਦਲਾਂ 'ਚੋਂ, ਹੰਝੂ ਡੋਲ੍ਹਕੇ ਮੀਹ ਬਰਸੌਣਗੇ ਨੀ।

ਓੜਕ ਜ਼ਬਰਦਸਤੀ ਕਰਕੇ ਜਨ ਜ਼ਾਲਮ, ਅਗੋਂ ਪਕੜ ਕੇ ਜਿੰਦ ਨੂੰ ਲੌਣ੍ਹਗੇ ਨੀ

ਜਦੋਂ ਵਿਚ ਕਲਬੂਤ ਜਿੰਦ ਹੋਈ, ਸਭ ਡਰਨਗੇ ਨੇੜੇ ਔਣਗੇ ਨੀ।

ਭੈੜੇ ਵਿੱਚ ਬਣਾਇਕੇ ਉਲਾਦ ਤੇਰੀ, ਮਲ ਵੱਟਨਾ ਖੂਬ ਨਵੌ੍ਹਣਗੇ ਨੀ।

ਚਿੱਟਾ ਕੱਪੜਾ ਠਿਕਰਾ ਸੂੜ ਪਿੰਨੀ, ਏਹੋ ਦਾਜ ਝੋਲੜੀ ਪੌਣਗੇ ਨੀ।

ਚੱਕ ਲੈਣਗੇ ਚਾਰ ਕਹਾਰ ਤੈਨੂੰ, ਡੋਲੀ ਕਾਠ ਦੀ ਵਿੱਚ ਬਹਾਉਣਗੇ ਨੀ।

ਕਾਇਆਂ ਤੈਂਡੜੀ ਨਰਮ ਮਲੂਕ ਜੇਹੀ, ਰੱਖ ਚਿਖਾ ਤੇ ਅੱਗ ਲਗੌਣਗੇ ਨੀ।

ਦੇਵਾ ਸਿੰਘ ਜਿੰਦੇ ਤੇਰੇ ਸੌਰ੍ਹਿਆਂ ਨੂੰ, ਤੈਨੂੰ ਤੋਰਕੇ ਬੜਾ ਪਛਤੌਣਗੇ ਨੀ।

📝 ਸੋਧ ਲਈ ਭੇਜੋ