ਫੱਫਾ ਆਖਦਾ ਫੇਰ ਫ਼ਕੀਰ ਹੋਈਏ, ਪਹਿਲੇ ਹੰਗਤਾ-ਬੁਰਜ ਨੂੰ ਢਾਹ ਲਈਏ ।
ਯਾਦ ਰੱਖੀਏ ਯਾਰ ਅਖ਼ੀਰ ਤਾਈਂ, ਯਾਦ ਰੱਬ ਦੀ ਬਾਝ ਨਾ ਸਾਹ ਲਈਏ ।
ਸੰਗ ਛੱਡੀਏ ਬੁਤਪ੍ਰਸਤੀਆਂ ਦਾ, ਇਕੋ ਪਕੜ ਖ਼ੁਦਾਇ ਦਾ ਰਾਹ ਲਈਏ।
ਫੇਰ ਨਾਲ ਮਸ਼ੂਕ ਪ੍ਰੀਤ ਕਰੀਏ, ਪਹਿਲੇ ਜ਼ਿੰਦਗੀ ਘੋਲ-ਘੁਮਾ ਲਈਏ ।
ਯਾਦ ਰੱਖੀਏ ਇਕ ਪਰਮਾਤਮਾ ਨੂੰ, ਜਾਣ ਮਿੱਥਿਆ ਜਗਤ ਭੁਲਾ ਲਈਏ ।
ਜਾਨ ਹੁੰਦਿਆਂ ਜੀਓਂਦੇ ਮਰ ਰਹੀਏ, ਜ਼ਰਾ ਜੀਂਵਦੇ ਖ਼ਫਨ ਹੰਢਾ ਲਈਏ ।
ਜਿਗਰ ਜੀਵਨਾ ਨਾਲ ਪਿਆਸ ਮੋਇਆ, ਇਸ ਨੂੰ ਆਬਹਯਾਤ ਪਿਲਾ ਲਈਏ।
ਬੰਦੇ ਇਲਮ ਦੇ ਪੜ੍ਹਨ ਦਾ ਫ਼ੈਜ਼ ਏਹੋ, ਜੇਕਰ ਏਸ ਦਾ ਅਮਲ ਕਮਾ ਲਈਏ।
ਦਿੱਤੀ ਜੀਭ ਕਰਤਾਰ ਨੇ ਬੋਲਣੇ ਨੂੰ, ਜ਼ਰਾ ਗੀਤ ਗੋਬਿੰਦ ਦੇ ਗਾ ਲਈਏ ।
ਨੌਬਤ ਜਾਨ ਤੂੰ ਆਪਣੀ ਜ਼ਿੰਦਗੀ ਦੀ, ਭਾਵੇਂ ਕੇਤੜੇ ਰੋਜ਼ ਵਜਾ ਲਈਏ ।
ਖੇਤ ਜਾਨ ਸਰੀਰ ਤੇ ਨੀਰ ਸ਼ਾਂਤੀ, ਵਿੱਚ ਬ੍ਰਹਮ ਦਾ ਬੀਜ ਬਿਜਾ ਲਈਏ।
ਤੇਰਾ ਜੀਓ ਜਾਨੀ ਗ੍ਰਿਫ਼ਤਾਰ ਹੋਇਆ, ਕਰਕੇ ਸੰਤ ਵਕੀਲ ਛੁਡਾ ਲਈਏ।
ਵਗੇ ਇਸ਼ਕ-ਪ੍ਰੇਮ ਦੀ ਗੰਗ ਨੇੜੇ, ਜ਼ਰਾ ਚੁੱਭੀਆਂ ਮਾਰ ਕੇ ਨ੍ਹਾ ਲਈਏ।
ਦਯਾ ਸਿੰਘ ਨਾ ਸਾਧਨਾ ਬਾਝ ਸਾਧੂ, ਭਾਵੇਂ ਕੇਤੜੇ ਭੇਖ ਬਨਾ ਲਈਏ ।