ਜਦ ਵੀ ਮੈਂ ਪਰਤਦਾ ਹਾਂ
ਤਾਂ ਮਾਯੂਸ ਹੋ ਜਾਂਦਾ ਹਾਂ
ਖਾਮੋਸ਼, ਸੁੰਨ ਤੇ ਉਦਾਸ
ਘਰ ਨੂੰ ਵੇਖਕੇ
ਮੈਂ ਵੇਖਦਾ ਹਾਂ
ਆਪਣੀ ਧੀ ਦੀਆਂ
ਉਦਾਸ ਅੱਖਾਂ ਵਿੱਚ
ਜਿਵੇਂ ਕਹਿ ਰਹੀ ਹੋਵੇ
ਡੈਡੀ ਮਾਯੂਸ ਨਾ ਹੋਵੋ
ਇਹ ਦੁਨੀਆਂ ਹੈ
ਦੁਨੀਆਂਦਾਰ ਬਣੋ
ਮੈਂ ਵੇਖਦਾ ਹਾਂ
ਇੱਕ ਪਾਸੇ ਬੈਠੀ
ਆਪਣੀ ਪਤਨੀ ਵੱਲ
ਗ਼ਮ ਵਿੱਚ ਡੁੱਬੀ
ਜਿਵੇਂ ਕਹਿ ਰਹੀ ਹੋਵੇ
ਇਹ ਜ਼ਿੰਦਗੀ ਹੈ
ਅਧੂਰੀ ਗੁਫ਼ਤਗੂ
ਹੌਸਲਾ ਨਾ ਛੱਡੋ
ਉਹ ਸਭ ਠੀਕ ਕਰੇਗਾ
ਤੇ ਫੇਰ ਮੈਂ ਵੇਖਦਾ ਹਾਂ
ਦੂਰ ਬੈਠੀ ਆਪਣੀ
ਬਿਰਧ ਮਾਂ ਦੀਆਂ ਅੱਖਾਂ ਵਿੱਚ
ਜਿਵੇਂ ਸੋਚ ਰਹੀ ਹੋਵੇ
ਭਵਿੱਖ ਦੀ ਪੀੜੀ ਲਈ
ਮੈਨੂੰ ਸਮਝਾ ਰਹੀ ਹੋਵੇ
ਪੁੱਤਰ !
ਦੁੱਖ ਸਹੇ ਜਾਂਦੇ ਨੇ
ਟਾਲੇ ਨਹੀਂ ਜਾਂਦੇ
ਤੇ ਫੇਰ ਮੈਂ ਸੋਚਦਾ ਹਾਂ
ਦੂਰ ਸ਼ਹਿਰ ਬੈਠੇ
ਆਪਣੇ ਪੁੱਤਰ ਬਾਰੇ
ਸੋਚਦਾ ਹੋਵੇਗਾ
ਡੈਡੀ ਤੁਸੀਂ ਦੁਖੀ ਹੋਵੋਗੇ
ਵਰਤਮਾਨ ਨੂੰ ਵੇਖਕੇ।
ਪਰ ਮਜ਼ਬੂਰ ਹਾਂ
ਤੇ ਫੇਰ ਮੈਂ ਸੋਚਦਾ ਹਾਂ
ਸੋਚਣਾ ਹੀ ਕਾਫ਼ੀ ਨਹੀਂ ਪੁੱਤਰ
ਸਮਝਣਾ ਵੀ ਜ਼ਰੂਰੀ ਹੈ
ਖਾਮੋਸ਼ ਤੇ ਉਦਾਸ ਘਰ ਲਈ
ਭੈਣ, ਮਾਂ, ਤੇ ਬਿਰਧ ਦਾਦੀ ਲਈ
ਜਿਨ੍ਹਾਂ ਨੇ ਤੈਨੂੰ ਪਾਲਦਿਆਂ
ਸੱਧਰਾਂ ਦੀ ਗੱਠੜੀ ਸਾਂਭ ਰੱਖੀ ਹੈ
ਨਵੇਂ ਚਾਨਣ ਦੀ ਆਸ ਰੱਖੀ ਹੈ
ਸਮੇਂ ਨੇ ਚੱਲਦੇ ਜਾਣਾ ਹੈ....
ਫਰਜ਼ਾਂ ਦਾ ਪੱਲਾ ਛੱਡਣਾ
ਇਨਸਾਨੀਅਤ ਨਹੀਂ