ਫਿਰ ਸੁਪਨਿਆਂ ’ਚ ਚੰਨ ਕਿਤੋਂ ਆ ਕੇ ਤੁਰ ਗਿਆ
ਅੱਲ੍ਹੜ ਜਵਾਨ ਰਾਤ ਮੇਰੀ ਖਾ ਕੇ ਤੁਰ ਗਿਆ
ਬਰਸਾਤ ਦੀ ਉਡੀਕ ਬੜੀ ਸੀ ਪਪੀਹੇ ਨੂੰ
ਬੱਦਲ ਘਣਾ ਆਕਾਸ਼ ’ਤੇ ਬਸ ਛਾ ਕੇ ਤੁਰ ਗਿਆ
ਰੱਖਿਆ ਲੁਕਾ—ਲੁਕਾ ਕੇ ਜਿਨੂੰ ਹਾਸਿਆਂ ’ਚ ਮੈਂ
ਉਹ ਹੌਕਿਆਂ ’ਚ ਜਾਨ ਮੇਰੀ ਪਾ ਕੇ ਤੁਰ ਗਿਆ
ਆਇਆ ਸੀ ਜ਼ਿੰਦਗੀ ’ਚ ਮਸੀਹਾ ਜੋ ਬਣ ਕਦੇ
ਇਕ ਰੋਗ ਲਾ—ਇਲਾਜ ਸਗੋਂ ਲਾ ਕੇ ਤੁਰ ਗਿਆ
ਮਹਿਫ਼ਿਲ ’ਚ ਗੂੰਜਦੇ ਰਹੇ ਸੀ ਦੇਰ ਤੀਕ ਉਹ
ਜੋ ਗੀਤ ਸੋਗਵਾਰ ‘ਅਮਰ’ ਗਾ ਕੇ ਤੁਰ ਗਿਆ