ਗੱਗਾ ਗੁਰੂ ਤੋਂ ਬਿਨਾਂ ਨਾ ਗਤ ਹੋਵੇ, ਗੁਰ ਬਿਨ ਹੋਂਵਦਾ ਬ੍ਰਹਮ ਦਾ ਗਿਆਨ ਨਾਹੀਂ ।

ਸੂਰਜ ਵਤ ਨਾ ਮਿਲੇ ਜੇ ਗੁਰੂ ਪੂਰਾ, ਤਿੱਚਰ ਹੋਂਵਦਾ ਦੂਰ ਅਗਿਆਨ ਨਾਹੀਂ ।

ਗੁਰੂ ਬਿਨਾਂ ਨ ਤੱਤ-ਵਿਚਾਰ ਹੋਵੇ, ਗੁਰ ਬਿਨਾਂ ਰੱਬ ਦੀ ਹੋਇ ਪਛਾਨ ਨਾਹੀਂ ।

ਪੱਲੇ ਜਾਨ ਓਸਦੇ ਕੱਖ ਰਿਹਾ ਨਾਹੀਂ, ਜਿਸ ਪੁਰਸ਼ ਦਾ ਧਰਮ ਈਮਾਨ ਨਾਹੀਂ ।

ਘਰ ਇਸਤ੍ਰੀ ਢਾਲ ਈਮਾਨ ਦੀ ਹੈ, ਪਿਆਰੇ ਪੁੱਤਰਾਂ ਬਾਝ ਨੀਸ਼ਾਨ ਨਹੀਂ ।

ਸਿੱਖ ਹੋਇਕੇ ਸਿੱਖ ਨ ਮੱਤ ਲਈ, ਸਾਧੂ ਨਹੀਂ ਜੋ ਸਿਮਰੇ ਰਾਮ ਨਾਹੀਂ ।

ਕਿਥੋਂ ਸਿੱਖ ਦਾ ਕਰੂ ਨਵਿਰਤ ਸੰਸਾ, ਜਿਸ ਗੁਰੂ ਨੂੰ ਆਪ ਗਿਆਨ ਨਾਹੀਂ ।

ਪਿੰਗਲਾ ਭੱਜਕੇ ਚੜ੍ਹੇ ਨਾ ਪਰਬਤਾਂ ਤੇ, ਗੂੰਗਾ ਗਾਂਵਦਾ ਸ਼ਾਮ ਕਲਿਆਨ ਨਾਹੀਂ।

ਬੋਲਾ ਵਿਦਯਾ ਕਥ ਨ ਸੁਣੇ ਕੰਨੀਂ, ਅੰਨ੍ਹਾਂ ਮਾਰਦਾ ਕਦੇ ਨਿਸ਼ਾਨ ਨਾਹੀਂ।

ਪਾਪੀ ਪੁਰਸ਼ ਨ ਪਾਪ ਦਾ ਹਲਕੇ ਛੱਡੇ, ਕਰੰਗ ਖਾਵਣੋਂ ਹਟੇ ਸਵਾਨ ਨਾਹੀਂ।

ਬੰਦੇ ਬੰਦਗੀ ਛੱਡ ਮਗ਼ਰੂਰ ਹੋਯਾ, ਤੇਰਾ ਜੱਗ ਤੇ ਸਦਾ ਮਕਾਨ ਨਾਹੀਂ।

ਤੇਰੀ ਬਦਲੀ ਹੋਵਨੀ ਏਸ ਪਿੰਡੋਂ, ਕਾਇਆ-ਕੋਠੜੀ ਸਦਾ ਹੰਡਾਣ ਨਾਹੀਂ ।

ਜੀਹਦਾ ਅੱਜ ਹੈ ਜੱਗ ਤੋਂ ਕੂਚ ਹੋਣਾ, ਰੈਹਨਾ ਭਲਕ ਨੂੰ ਏਸ ਜਹਾਨ ਨਾਹੀਂ ।

ਅੱਜ-ਕਲ੍ਹ ਜਾਣੀ ਤੇਰੇ ਸੀਸ ਵੱਜਾ, ਸਹਿਆ ਜਾਵਣਾ ਕਾਲ ਦਾ ਬਾਣ ਨਾਹੀਂ ।

ਡਿੱਗ ਪਵੇਗੀ ਰੇਤ ਦੀ ਕੰਧ ਵਾਂਗੂੰ, ਏਸ ਦੇਹ ਦਾ ਬੰਦਿਆ ਮਾਣ ਨਾਹੀਂ ।

ਮੁਲਖ-ਅਦਮ ਨੂੰ ਰੂਹ ਨੇ ਤੁਰਨ ਲੱਗੇ, ਬੋਲੀ ਬਾਤ ਨੂੰ ਫ਼ਤ੍ਹੇ-ਸਲਾਮ ਨਾਹੀਂ ।

ਅਗਲੇ ਮੁਲਖ ਦਾ ਹੈ ਜਿਨ੍ਹਾਂ ਸੈਲ ਕੀਤਾ, ਗੱਲਾਂ ਦੱਸੀਆਂ ਜੱਗ ਤੇ ਆਣ ਨਾਹੀਂ ।

ਨਾਮ-ਦਾਨ ਦਾ ਖ਼ਰਚ ਤੂੰ ਬੰਨ੍ਹ ਪੱਲੇ, ਤੈਨੂੰ ਸੁਝਦਾ ਅਗ੍ਹਾਂ ਦਾ ਜਾਣ ਨਾਹੀਂ ।

ਹਰ ਕਰੇ ਜੇ ਕਰਮ ਅਨੇਕ ਬੰਦੇ, ਹੋਣੀ ਨਾਮ ਤੋਂ ਬਿਨਾ ਕਲਿਆਣ ਨਾਹੀਂ ।

ਤਿਲ ਤਿਲ ਕਰ ਕੱਟਣੀ ਸੋ ਚਾਹੀਏ, ਜੇਹੜੀ ਜਪਦੀ ਰਾਮ ਜ਼ਬਾਨ ਨਾਹੀਂ ।

ਨਾਮਦਾਨ ਤੇ ਖੇਤ ਨੂੰ ਬੀਜ ਬੰਦੇ, ਜੇਹੜੇ ਕਦੇ ਅਣ-ਜੰਮਣੇ ਜਾਣ ਨਾਹੀਂ ।

ਨਾਹੀਂ ਮਿਲੇ ਬਹਾਦਰੀ ਬਿਨਾ ਔਹਦਾ, ਆਵੇ ਬੰਦਗੀ ਬਿਨਾਂ ਬਖਾਣ ਨਾਹੀਂ ।

ਨਿੱਤ ਸੋਹੰ ਸੋਹੰ ਜਾਪ ਕਰੀਏ, ਏਸ ਨਾਲ ਦਾ ਦੂਸਰਾ ਦਾਨ ਨਾਹੀਂ ।

ਬੰਦੇ ਨਹੀਂ ਜੋ ਸ਼ਹਿਰ ਜਹਾਨ ਆਕੇ, ਚੰਗੀ ਵਸਤ ਖ਼ਰੀਦ ਲੈ ਜਾਨ ਨਾਹੀਂ।

ਪਾਪ ਕਰਦਿਆਂ ਅੰਤ ਨਾ ਜੋਤ ਆਵੇ, ਧਰਮ ਬੀਜਿਆ ਆਂਵਦੀ ਹਾਨ ਨਾਹੀਂ ।

ਕੰਨੀਂ ਸੁਣਦਿਆਂ ਕੱਥਾ ਨ ਹਰਜ਼ ਹੋਵੇ, ਨਾਮ ਜਪਦਿਆਂ ਦੁੱਖ ਜ਼ਬਾਨ ਨਾਹੀਂ ।

ਹੱਥ ਬੰਨ੍ਹੀਏਂ ਹੱਥ ਨਾ ਹੋਣ ਮੈਲੇ, ਸਿਰ ਨਿਵਾਉਂਦਿਆਂ ਹੋਇ ਸੱਚਾ ਸ਼ਾਮ ਨਾਹੀਂ ।

ਭਗਤੀ ਕੀਤਿਆਂ ਮਿਲੇ ਦਰਗਾਹ ਢੋਈ, ਉੱਚੀ ਜਾਤੀਸੇਂ ਰੀਝਦਾ ਰਾਮ ਨਾਹੀਂ ।

ਬੰਦਾ ਵਿਚ ਚੁਰਾਸੀ ਦੇ ਫਿਰੇ ਭੌਂਦਾ, ਹੋਣ ਮੁਕਤ ਤੋਂ ਬਿਨਾ ਆਰਾਮ ਨਾਹੀਂ ।

ਮਾਨਸ ਜਨਮ ਅਮੋਲ ਹੈ ਬੜਾ ਉਤਮ, ਚੰਗਾ ਏਸਨੂੰ ਬਿਰਥਿਆ ਗਿਆਨ ਨਾਹੀਂ ।

ਜਿਨੂੰ ਕਿਹਾ ਮੈਂ ਤੇਰੀਆਂ-ਤੇਰੀਆਂ ਵੇ, ਚੰਗਾ ਓਸ ਤੋਂ ਮੁੱਖ ਭਵਾਨ ਨਾਹੀਂ ।

ਯਾਰ ਸੋਈ ਜੋ ਨਾਲ ਹੀ ਖਾਣ ਰੋਟੀ, ਭੀੜ ਪਈ ਤੋਂ ਛੱਡਕੇ ਜਾਨ ਨਾਹੀਂ ।

ਦਿਲਦਾਰ ਸੋਈ ਜੋ ਦਿਲੋਂ ਇਕ ਹੋਵੇ, ਜੇਹੜੇ ਦਿਲ ਦਾ ਭੇਦ ਲੁਕਾਨ ਨਾਹੀਂ ।

ਯਾਰ ਸੋਈ ਜੋ ਯਾਰ ਨੂੰ ਯਾਦ ਰੱਖਣ, ਦਿਲੋਂ ਦਿਨ ਤੇ ਰਾਤ ਭੁਲਾਣ ਨਾਹੀਂ ।

ਥੋੜੇ ਪੁਰਸ਼ ਨੇ ਆਸ ਪੁਜਾਣ ਵਾਲੇ, ਚੰਨਣ ਬਿਰਛ ਵੀ ਜੱਗ ਤੇ ਆਮ ਨਾਹੀਂ ।

ਕਰਨਾ ਹੋਇ ਨ ਕਿਸੇ ਦਾ ਸੁਆਲ ਪੂਰਾ, ਲਾਰਾ ਦੇਵਨਾ ਭਲਾ ਜਵਾਨ ਨਾਹੀਂ ।

ਪਾਸ ਹੁੰਦਿਆਂ ਸਾਧ ਨੂੰ ਵੰਡ ਖਾਈਏ, ਚੰਗਾ ਘਰ ਹੁੰਦਾ ਮੁੱਕਰ ਜਾਣ ਨਾਹੀਂ ।

ਖਾਕੇ ਹੱਕ-ਹਲਾਲ ਦਾ ਸ਼ੁਕਰ ਕਰੀਏ, ਚੰਗਾ ਖਾਣ ਮੁਰਦਾਰ ਹਰਾਮ ਨਾਹੀਂ ।

ਢਲ ਜਾਸੀ ਵਾਂਗ ਪਰਛਾਵਿਆਂ ਦੇ, ਮਾਇਆ ਹੁਸਨ ਤੇ ਰੂਪ ਦਾ ਮਾਣ ਨਾਹੀਂ ।

ਮਾਇਆ ਜੱਗ ਦੀ ਮਿਥਿਆ ਕੂੜ ਜਾਣੋਂ, ਚੰਗਾ ਐਸ਼ ਮੇਂ ਚਿੱਤ ਭਟਕਾਨ ਨਾਹੀ ।

ਪਹਿਲਾਂ ਨਫ਼ੇ-ਨੁਕਸਾਨ ਨੂੰ ਸੋਚ ਲੋਈਏ, ਬੀਤ ਗਈ ਤੋਂ ਫੇਰ ਪਛਤਾਣ ਨਾਹੀਂ ।

ਹੋਵੇ ਯਾਦ ਨਾ ਮੰਤਰ ਅਠੂਹਿਆਂ ਦਾ, ਚੰਗਾ ਸੱਪ ਦੇ ਡੰਗ ਤੇ ਜਾਣ ਨਾਹੀਂ ।

ਜੇਕਰ ਪਾਸ ਨਾ ਢਾਲ-ਤਲਵਾਰ ਹੋਵੇ, ਚੰਗਾ ਸੁੱਤੜਾ ਸ਼ੇਰ ਜਗਾਨ ਨਾਹੀਂ ।

ਜੇਕਰ ਰੋਗ ਦੀ ਸਾਰ ਨਾ ਮੂਲ ਜਾਣੋਂ, ਭਲਾ ਹੱਥ ਬੀਮਾਰ ਨੂੰ ਪਾਣਾ ਨਾਹੀਂ ।

ਜੰਗ ਵਿੱਚ ਤਲਵਾਰ ਨੂੰ ਕੱਸ ਲਈਏ, ਚੰਗੀ ਰੱਖਣੀ ਵਿੱਚ ਮਿਆਨ ਨਹੀਂ ।

ਘੋਲ ਕਰਦਾ ਫੰਧ ਮੈਂ ਨਿਗਾਹ ਰੱਖੇ, ਚੰਗਾ ਝਾਕਨਾਂ ਖਾੜਿਓਂ ਲਾਮ੍ਹ ਨਾਹੀਂ ।

ਜਿੱਥੋਂ ਵਸਤ ਪਰਾਪਤੀ ਨਾ ਹੋਵੇ, ਪਾਣੀ ਛਿੜਕਣਾ ਭਲਾ ਮੈਦਾਨ ਨਾਹੀਂ ।

ਜਿਨੂ ਦੂਰ ਜਾਣੇ ਠਾਕਰ ਵਿੱਚ ਤੇਰੇ, ਚੰਗਾ ਢੂੰਡਣਾ ਵਿੱਚ ਉਦਿਆਨ ਨਾਹੀਂ ।

ਸੱਚੋ-ਸੱਚ ਬੋਲੇ ਸੱਚਾ ਰੱਬ ਰਾਜ, ਚੰਗਾ ਤੋਲਣਾ ਝੂਠ-ਤੂਫ਼ਾਨ ਨਾਹੀਂ ।

ਅੜੀਦਾਰ ਘੋੜੇ ਉਤੇ ਜਦੋਂ ਚੜ੍ਹੀਏ, ਹੱਥੋਂ ਛੱਡਣੀ ਭਲੀ ਲਗਾਮ ਨਾਹੀਂ ।

ਜਿੰਨ੍ਹ ਗਏ ਨਾ ਆਵਣਾ ਜੱਗ ਉਤੇ, ਚੰਗੀ ਮਰੇ ਦੀ ਔਸੜੀ ਪਾਣ ਨਾਹੀਂ ।

ਇੱਕ ਧਨ ਜਾਵੇ ਤਨ ਰੋਗ ਲਾਵੇ, ਚੰਗਾ ਵੇਸਵਾ ਸੇਜ ਤੇ ਜਾਣ ਨਾਹੀਂ ।

ਵਿੱਚ ਪਾਪੀਆਂ ਜਾਣੀਏ ਅਤੀ ਪਾਪੀ, ਨਿੰਦਾ ਕਰੇ ਸੋ ਭਲਾ ਇਨਸਾਨ ਨਾਹੀਂ ।

ਜਿਥੇ ਚੱਲਕੇ ਗਾਹਕ ਨਾ ਮੂਲ ਆਵੇ, ਉਧਰ ਕਰਨੀ ਭਲੀ ਦੁਕਾਨ ਨਾਹੀਂ ।

ਜੀਹਦੇ ਖਾਵਣੇ ਦੇਹ ਨੂੰ ਰੋਗ ਲੱਗੇ, ਓਸ ਚੀਜ਼ ਦਾ ਭਲਾ ਹੈ ਖਾਣ ਨਾਹੀਂ ।

ਖੇਤ ਬੀਜਿਆ ਜੰਮਿਆ ਬਹੁਤ ਹੋਵੇ, ਚੰਗਾ ਰਾਖਿਓਂ ਬਿਨਾਂ ਗੁਆਣ ਨਾਹੀਂ ।

ਜੇਕਰ ਵਿੱਚ ਕਲਬੂਤ ਨਾ ਜਿੰਦ ਹੋਵੇ, ਭਲੀ ਵੈਦ ਨੂੰ ਨਬਜ਼ ਵਖਾਣ ਨਾਹੀਂ ।

ਖਾਣ ਵਾਸਤੇ ਯਾਰ ਸ਼ੁਕੀਨ ਰੱਖਣ, ਚੰਗਾ ਔਰਤਾਂ ਸਵਾਦ ਜ਼ਬਾਨ ਨਾਹੀਂ ।

ਕਰੇ ਵੈਲ ਮਾਂ-ਬਾਪ ਦਾ ਨਾਮ ਗਾਲੇ , ਐਸੀ ਜੱਗ ਤੇ ਭਲੀ ਸੰਤਾਨ ਨਾਹੀਂ ।

ਰਾਤ ਜਾਗੀਏ ਰੱਬ ਦੀ ਬੰਦਗੀ ਨੂੰ, ਚੰਗਾ ਸੁੱਤਿਆਂ ਵਕਤ ਵਿਹਾਨ ਨਾਹੀਂ।

ਨਾਮ ਸਿਮਰਕੇ ਮੁਕਤ ਹੈ ਦੇਵਾ ਸਿੰਘ, ਚੰਗਾ ਜੂਨ ਮੇਂ ਆਉਣ ਤੇ ਜਾਣ ਨਾਹੀਂ ।

📝 ਸੋਧ ਲਈ ਭੇਜੋ