ਗੱਗਾ ਆਖਦਾ ਗੁਰੂ ਮਿਲ ਗਏ ਜਿਨ੍ਹਾਂ, ਨੈਨ ਖੁਲ੍ਹ ਗਏ ਗਿਆਨ-ਵਿਚਾਰ ਦੇ ਜੇ।
ਸੋਈ ਪੀਤਿਆਂ ਅਮਲਾਂ ਬਾਝ ਖੀਵੇ, ਸ਼ੌਕ ਜਿਨ੍ਹਾਂ ਨੂੰ ਯਾਰ ਦੀਦਾਰ ਦੇ ਜੇ।
ਜਿਨ੍ਹਾਂ ਜਾਣਿਆਂ ਅੰਤ ਫ਼ਨਾਹ ਹੋਣਾ, ਕਾਹਨੂੰ ਐਡ ਪਸਾਰ ਪਸਾਰਦੇ ਜੇ ।
ਕੀਤੀ ਚਾਕਰੀ ਜਿਨ੍ਹਾਂ ਪਰਮਾਤਮਾ ਦੀ, ਨੌਕਰ ਹੋਂਵਦੇ ਨਹੀਂ ਸਰਕਾਰ ਦੇ ਜੇ।
ਜਿਨ੍ਹਾਂ ਜਾਣਿਆਂ ਬਿਸਤਰਾ ਖ਼ਾਕ ਹੋਣਾ, ਸੋਈ ਛੱਡ ਗਏ ਪਲੰਘ ਨਵਾਰ ਦੇ ਜੇ।
ਭਾਣਾ ਰੱਬ ਦਾ ਜਿਨ੍ਹਾਂ ਕਬੂਲ ਕੀਤਾ, ਵਿੱਚ ਦੁੱਖ ਦੇ ਸ਼ੁਕਰ ਗੁਜ਼ਾਰਦੇ ਜੇ ।
ਜਿਨ੍ਹਾਂ ਬਾਣਪ੍ਰਸਤ ਕਬੂਲ ਕੀਤਾ, ਹੋ ਰਹੇ ਜਾਨਵਰ ਜੰਗਲੀ ਬਾਰ ਦੇ ਜੇ।
ਜਿਨ੍ਹਾਂ ਸਮਝ ਲਏ ਜੱਗ ਦੇ ਕੂੜ ਧੰਦੇ, ਨਫ਼ੇ ਛੱਡ ਗਏ ਵਣਜ-ਵਪਾਰ ਦੇ ਜੇ।
ਜਿਨ੍ਹਾਂ ਜਾਣਿਆਂ ਆਤਮਾ ਸੱਤ ਵਸਤੂ, ਜਨਮ-ਮਰਨ ਦਾ ਖੌਫ਼ ਉਤਾਰਦੇ ਜੇ ।
ਮੁਕਤ ਹੋਣਦੀ ਇਛਿਆ ਜਿਨ੍ਹਾਂ ਤਾਈਂ, ਦਮ-ਦਮ ਰਾਮਦਾ ਨਾਮ ਚਿਤਾਰ ਦੇ ਜੇ।
ਜਿਹੜੇ ਆਪਣਾ ਰੂਪ ਪਛਾਣਦੇ ਨੇ, ਕਾਹਨੂੰ ਪਕੜਕੇ ਜੀਵ ਨੂੰ ਮਾਰ ਦੇ ਜੇ।
ਮੰਗ ਭਿਛਿਆ ਜਿਨ੍ਹਾਂ ਗੁਜ਼ਰਾਨ ਕਰਨੀ, ਕਾਹਨੂੰ ਕਿਸੇ ਦੀ ਈਨ ਸਹਾਰਦੇ ਜੇ।
ਜਿਹੜੇ ਛੱਡ ਦਵੈਤ ਅਦਵੈਤ ਹੋਏ, ਕਾਹਨੂੰ ਜ਼ਾਤ-ਸਫ਼ਾਤ ਵਿਚਾਰਦੇ ਜੇ ।
ਮਨ ਆਪਣਾ ਜਿਨ੍ਹਾਂ ਨੇ ਜਿੱਤ ਲਿਆ, ਜਿਤੇ ਮੋਰਚੇ ਕਾਬਲ-ਕੰਧਾਰ ਦੇ ਜੇ ।
ਨਹੀਂ ਕਿਸੇ ਨੂੰ ਹੋਰ ਸਵਾਲ ਕਰਦੇ, ਜਿਹੜੇ ਮੰਗਤੇ ਇਕ ਦਾਤਾਰ ਦੇ ਜੇ ।
ਜਿਨ੍ਹਾਂ ਸਮਝ ਲੀਤਾ ਬਾਜ਼ੀ ਹਾਰ ਜਾਣੀ, ਪਾਸਾ ਮਨ ਪ੍ਰਪੰਚ ਵਿਸਾਰਦੇ ਜੇ ।
ਸੌਦਾ ਸੱਚ ਦਾ ਤੋਲਦੇ ਠੀਕ ਪੂਰਾ, ਜਿਹੜੇ ਬਾਣੀਏਂ ਧਰਮ-ਬਜ਼ਾਰ ਦੇ ਜੇ।
ਨੀਯਤ ਨੇਕ ਜੋ ਧਰਮ-ਈਮਾਨ ਵਾਲੇ, ਬੁਰੀ ਬਾਤ ਨਾ ਚਿੰਤ ਮੇਂ ਧਾਰਦੇ ਜੇ ।
ਸੱਚ ਬੋਲਦੇ ਜੀਵ ਜੋ ਹੈਣ ਚੰਗੇ, ਨਹੀਂ ਝੂੱਠ ਦਾ ਲਫ਼ਜ਼ ਉਚਾਰਦੇ ਜੇ ।
ਜਿਹੜੇ ਪੁਰਸ਼ ਸੱਤ-ਕਰਮੀ ਤੇ ਸੱਤ-ਵਾਦੀ, ਜੁੱਤੀ ਮਾਰਦੇ ਵਿਸ਼ੇ ਵਿਕਾਰ ਦੇ ਜੇ।
ਨਕਲ ਜਾਣਦੇ ਰੰਗ-ਤਮਾਸ਼ਿਆਂ ਨੂੰ, ਜਿਨ੍ਹਾਂ ਦੇਖ ਲਏ ਖੇਲ ਕਰਤਾਰ ਦੇ ਕੇ ।
ਜਿਨ੍ਹਾਂ ਆਸ਼ਕਾਂ ਇਸ਼ਕ ਕਬੂਲ ਕੀਤਾ, ਜਾਨ ਜਿਗਰ ਮਸ਼ੂਕ ਤੋਂ ਵਾਰਦੇ ਜੇ।
ਧੰਨ ਪੁਰਸ਼ ਨੇ ਤਿਆਗ ਵਿਚਾਰ ਵਾਲੇ, ਜਿਹੜੇ ਹੋਰ ਸੰਕਲਪ ਨਾ ਧਾਰਦੇ ਜੇ।
ਉੱਤੇ ਪਲੰਗ ਦੇ ਬਿਸਤਰੇ ਰੇਸ਼ਮਾਂ ਦੇ, ਮਨਾਂ ਜਾਣ ਵਿਛਾਵਣੇ ਸਾਰ ਦੇ ਜੇ।
ਰੋਂਦੇ ਰਹਿਣ ਵੈਰਾਗ ਦਾ ਦੁੱਖ ਜਿਨ੍ਹਾਂ, ਹੰਝੂ ਕੇਰਦੇ ਵਾਂਗ ਫੁਹਾਰ ਦੇ ਜੇ।
ਕਿਤੇ ਆਨ ਕੇ ਮੁੱਖ ਦਿਖਲਾਇ ਯਾਰਾ, ਥੱਕੇ ਨੈਣ ਤੇਰੇ ਇੰਤਜ਼ਾਰ ਦੇ ਜੇ।
ਦਯਾ ਸਿੰਘ ਰੋਂਦੇ ਪੀਆ ਵਿੱਛੜੇ ਨੂੰ, ਜਾਰੀ ਨੈਣ ਦੋ ਵਾਂਗ ਨਸਾਰ ਦੇ ਜੇ।