ਗੀਤ ਪਿਤਾ ਗੀਤ ਮੇਰੀ ਮਾਤਾ

ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ 

ਧਰਤੀ ਪੌਣ ਬਸੰਤਰ ਪਾਣੀ ਮੈਂ ਗੀਤਾਂ ਵਾਂਗ ਹੰਢਾਇਆ

ਗੀਤ ਤਾਂ ਚੰਦਨ ਗੀਤ ਤਾਂ ਕੇਸਰ ਗੀਤ ਸੱਜਣ ਦੇ ਹਾਸੇ 

ਗੀਤ ਤਾਂ ਵੱਸਦੇ ਕਿਣਮਿਣ ਕਣੀਆਂ ਮਨ ਦੇ ਬਾਗ ਪਿਆਸੇ 

ਛੱਡਕੇ ਬਾਗ ਪਿਆਸੇ ਮਰਦੇ ਮੈਂ ਕਿੱਥੇ ਟੁਰ ਆਇਆ 

ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ

ਗੀਤਾਂ ਦਾ ਚੰਨ ਝੰਗ ਸਿਆਲੀਂ ਰੋਸ਼ਨ ਤਖਤ ਹਜ਼ਾਰਾ 

ਗੀਤ ਦਾ ਜੋਬਨ ਰੂਹ ਮਿਰਜ਼ੇ ਦੀ ਜੰਡ ਦਾ ਜ਼ਖਮ ਪਿਆਰਾ 

ਗੀਤ ਦੀ ਹੋਣੀ ਥਲ ਦੇ ਲੇਖੇ ਸੱਸੀ ਯਾਰ ਗੁਆਇਆ 

ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ

ਗੀਤ ਜਗਾਈਏ ਸੁੰਨੇ ਵਿਹੜੇ ਕੋਈ ਚਾਨਣ ਨਾ ਹਾਸੇ 

ਗੀਤ ਤਾਂ ਧਰੀਏ ਬਾਬਲ ਚਰਨੀਂ ਜਿਉਂਦੇ ਪੁੱਤ ਗੁਆਚੇ 

ਗੀਤ ਬਣਾਈਏ ਧੀ ਦਾ ਸਾਲੂ ਜੀਹਦਾ ਕੰਤ ਨਾ ਮੁੜਕੇ ਆਇਆ 

ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ

ਮਾਂ ਦਾ ਮੁੱਖੜਾ ਧੋ ਵੇ ਗੀਤਾ ਸਾਰ ਨਾ ਪੁੱਤਰਾਂ ਜਾਣੀ 

ਸ਼ਬਦਾਂ ਦੀ ਪਰਕਰਮਾ ਮਿੱਠੀ ਮੱਥੇ ਸੁੱਚੀ ਬਾਣੀ 

ਗੀਤੋਂ ਪੜ੍ਹੀਏ, ਗੀਤੋਂ ਸੁਣੀਏ ਜੋ ਮਾਂ ਦਰਦ ਹੰਢਾਇਆ 

ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ

ਗੀਤ ਤਾਂ ਘੱਲੀਏ ਸੰਘਣੇ ਜੰਗਲੀਂ ਗੀਤ ਮੌਤ ਸੰਗ ਸੌਂਦੇ 

ਸੱਥਰਾਂ ਉਤੇ ਰਾਤ ਗੁਜ਼ਾਰਨ ਮਿੱਤਰ ਪਿਆਰਾ ਗਾਉਂਦੇ 

ਗੀਤ ਗੁਆਚੇ ਮੋੜ ਲਿਆਵੋ ਇਹ ਸਾਡਾ ਸਰਮਾਇਆ 

ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ

ਫੁੱਲ ਬੀਜੀਏ ਫੁੱਲ ਨਾ ਚੁਗੀਏ ਰੁੱਤ ਰੋਗੀ ਨਾ ਕਰੀਏ 

ਆਪਣਿਆਂ ਹੱਥੋਂ ਸਰਵਣ ਮਰਦੇ ਦੁੱਖ ਦਰਿਆ ਦਾ ਜਰੀਏ 

ਗੀਤ ਨੂੰ ਘੱਲੀਏ ਪੂਰਨ ਸੱਦੀਏ ਬਾਗ ਤੇਰਾ ਕੁਮਲਾਇਆ 

ਗੀਤ ਪਿਤਾ ਗੀਤ ਮੇਰੀ ਮਾਤਾ ਮੈਂ ਜਨਮ ਗੀਤ ਦਾ ਪਾਇਆ

📝 ਸੋਧ ਲਈ ਭੇਜੋ