ਗੀਤ ਵਿਚਾਰਾ ਕੀ ਕਰੇ

ਗੀਤ ਵਿਚਾਰਾ ਕੀ ਕਰੇ

ਨਾ ਕੋਈ ਦਿਲ ਦਰਵੇਸ਼ਾਂ ਵਾਲੇ 

ਨਾ ਕੋਈ ਦਿਲ ਦੀ ਗੱਲ ਕਰੇ

ਗੀਤ ਤਾਂ ਚਾਹਵੇਂ ਨਾਨਕ ਆਵੇ 

ਗਾਵੇ ਸੁੱਚੀ ਬਾਣੀ

ਅਨਹਦ ਨਾਦ ਰੂਹਾਂ ਵਿੱਚ ਵਿਚਰੇ 

ਵਰਸੇ ਮੋਹ ਦਾ ਪਾਣੀ

ਕੋਟ ਜਨਮ ਤੋਂ ਧਰਤ ਪਿਆਸੀ 

ਕੋਈ ਅੰਮ੍ਰਿਤ ਬੂੰਦ ਵਰ੍ਹੇ 

ਗੀਤ ਵਿਚਾਰਾ ਕੀ ਕਰੇ

ਗੀਤ ਤਾਂ ਚਾਹਵੇ ਅਰਜਨ ਆਵੇ 

ਦੁਬਿਧਾ ਦੂਰ ਕਰਾਈਏ

ਭਾਣਾ ਮੰਨਦੇ ਮੁੱਕ ਨਾ ਜਾਈਏ 

ਕਿਸ ਬਿੱਧ ਰੋਸ ਜਗਾਈਏ 

ਪੈਰੀਂ ਜੇ ਕੋਈ ਅਗਨੀ ਬਾਲੇ

ਪਾਣੀ ਸਿਰ ਕਿਉਂ ਦੋਸ਼ ਧਰੇ 

ਗੀਤ ਵਿਚਾਰਾ ਕੀ ਕਰੇ

ਗੀਤ ਉਡੀਕੇ ਤੇਗ ਬਹਾਦਰ 

ਮੁੜਕੇ ਆਣ ਝੰਜੋੜੇ

ਬਲ ਹੋਇਆਂ ਬੰਧਨ ਤਾਂ ਟੁੱਟਦੇ 

ਜੇ ਤੇਗ ਇਲਮ ਨੂੰ ਲੋੜੇ

ਅਕਲੀਂ ਫਤਹਿ ਨਸੀਬ ਹਮੇਸ਼ਾਂ 

ਜੇ ਹਿੰਮਤ ਨਦਰ ਕਰੇ 

ਗੀਤ ਵਿਚਾਰਾ ਕੀ ਕਰੇ

ਗੀਤ ਤਾਂ ਚਾਹਵੇ ਗੋਬਿੰਦ ਆਵੇ

ਦੁੱਖ ਦਿਲਾਂ ਦਾ ਜਾਣੇ

ਪਾਣੀ ਸੁੱਕੇ ਪੁੱਤਰ ਮੁੱਕੇ 

ਮੁੱਕੇ ਨਾ ਜਰਵਾਣੇ

ਟੁੱਟ ਜਾਵਣ ਤਾਰੇ ਨਾ ਸਾਰੇ 

ਅੰਬਰ ਇਹੋ ਫਿਕਰ ਕਰੇ 

ਗੀਤ ਵਿਚਾਰਾ ਕੀ ਕਰੇ 

ਗੀਤ ਤਾਂ ਚਾਹਵੇ ਵਾਰਸ ਆਵੇ 

ਹਰਫ ਇਸ਼ਕ ਦਾ ਪੜ੍ਹੀਏ 

ਇਸ਼ਕ ਮਾਹੀ ਦਾ ਨੂਰ ਇਲਾਹੀ 

ਇਸ਼ਕ ਨੂੰ ਸਜਦਾ ਕਰੀਏ

ਰੂਹ ਦੇ ਰਿਸ਼ਤੇ ਪਾਕ ਪਵਿੱਤਰ

ਹੋਰ ਤਾਂ ਸੱਭੇ ਕੂੜ ਭਰੇ

ਗੀਤ ਵਿਚਾਰਾ ਕੀ ਕਰੇ

ਗੀਤ ਤਾਂ ਚਾਹਵੇ ਪੀਲੂ ਆਵੇ 

ਸੱਦ ਮਿਰਜ਼ੇ ਦੀ ਲਾਵੇ

ਇਸ਼ਕ ਤੋਂ ਪਹਿਲਾਂ ਮੌਤ ਕਬੂਲੇ 

ਫਿਰ ਯਾਰਾਂ ਦਰ ਜਾਵੇ

ਸ਼ਾਇਰ ਆਸ਼ਕ ਪੀਰ ਪੈਗੰਬਰ 

ਜੀਵਦਿੰਆਂ ਵੀ ਰਹਿਣ ਮਰੇ

ਗੀਤ ਵਿਚਾਰਾ ਕੀ ਕਰੇ

ਗੀਤ ਤਾਂ ਚਾਹਵੇ ਬੁੱਲ੍ਹਾ ਆਵੇ

ਮੁੜਕੇ ਇਹ ਸਮਝਾਵੇ

ਕਰਮ ਬੰਦੇ ਦਾ ਧਰਮ ਬਣੀਂਦਾ

ਧਰਮ ਨਾ ਜਾਤ ਬਣਾਵੇ

ਧਰਮ ਤੇ ਧਰਤੀ ਭੇਦ ਨਾ ਰੱਖਦੇ

ਦੂਈ ਤੋਂ ਧਰਮ ਪਰੇ

ਗੀਤ ਵਿਚਾਰਾ ਕੀ ਕਰੇ

ਗੀਤ ਉਡੀਕੇ ਸ਼ਾਹ ਮੁਹੰਮਦ 

ਰਲ ਕੋਈ ਬਣਤ ਬਣਾਈਏ 

ਜਿੱਤੇ ਹੋਏ ਵੀ ਹਾਰ ਹਾਂ ਜਾਂਦੇ 

ਜਿੱਤ ਨੂੰ ਕਿਵੇਂ ਬਚਾਈਏ 

ਆਪਣੇ ਮਾਰਨ, ਆਪ ਉਜਾੜਨ 

ਹੋਰਾਂ ਸਿਰ ਕੀ ਦੋਸ਼ ਧਰੇ 

ਗੀਤ ਵਿਚਾਰਾ ਕੀ ਕਰੇ

📝 ਸੋਧ ਲਈ ਭੇਜੋ