ਘੱਘਾ ਘਰ ਝੂਠੇ ਜਾਣੀਂ ਜੱਗ ਦੇ ਤੂੰ, ਕਰੀਂ ਦਿਲ ਦੇ ਵਿੱਚ ਵਿਚਾਰ ਪਿਆਰੇ।
ਛੱਡ ਚੱਲਣਾ ਮਹਿਲ ਤੇ ਮਾੜੀਆਂ ਨੂੰ, ਵਾਸਾ ਹੋਵਣਾ ਵਿੱਚ ਉਜਾੜ ਪਿਆਰੇ ।
ਇੱਕ ਰੋਜ਼ ਤੈਂ ਬੰਦਿਆਂ ਪੰਧ ਪੈਣਾ, ਦਿਨ ਕੱਟ ਲੈ ਜੱਗ ਤੇ ਚਾਰ ਪਿਆਰੇ।
ਮੇਲੇ ਭਰ 'ਚੋਂ ਬੰਦਿਆ ਪੰਧ ਪੈਣਾ, ਛੱਡ ਜਾਪਣੇ ਸ਼ਹਿਰ-ਬਜ਼ਾਰ ਪਿਆਰੇ।
ਮਾਲਿਕ ਹਾਥੀਆਂ ਘੋੜਿਆਂ ਮੰਦਰਾਂ ਦੇ, ਹੱਥ ਗਏ ਜਹਾਨ ਤੋਂ ਝਾੜ ਪਿਆਰੇ।
ਉਪਰ ਲਿਖੀ ਧਰਮਰਾਇ ਦੇ ਕੋਲ ਲੈਜੂ, ਘਰ-ਘਰ ਲਾ ਗਈ ਮੌਤ ਅਖ਼ਬਾਰ ਪਿਆਰੇ।
ਜਿਥੇ ਰਾਇ-ਦਰਬਾਰ ਮੇਂ ਮਾਨ ਪਾਵੇ, ਅੱਗਾ ਆਪਣਾ ਲਈਂ ਸਵਾਰ ਪਿਆਰੇ।
ਨਾਮ ਟਿਕਟ ਲੈ ਚੜ੍ਹ ਤੂੰ ਸਵਾਰ ਹੋ ਜਾ, ਮੁਲਕ-ਅਦਮ ਨੂੰ ਰੇਲ ਤਿਆਰ ਪਿਆਰੇ।
ਫਿਰੇ ਜੱਗ ਦੇ ਵਿੱਚ ਮਗ਼ਰੂਰ ਹੋਯਾ, ਆਵੇ ਚਿੱਤ ਨਾਹੀਂ ਸਿਰਜਨਹਾਰ ਪਿਆਰੇ ।
ਬਿਨਾਂ ਨਾਮ ਤੋਂ ਧ੍ਰਿਗ ਨੇ ਸੁੱਖ ਭੋਗੇ, ਝੂਠੇ ਜਾਣੀਏਂ ਪਲੰਘ ਨਵਾਰ ਪਿਆਰੇ ।
ਬੀਤ ਗਈ ਤੋਂ ਫੇਰ ਪਛਤਾਏਂਗਾ ਤੂੰ, ਅਜੇ ਵਕਤ ਹੈ ਨਾਮ ਚਿਤਾਰ ਪਿਆਰੇ ।
ਜਿਹੜੇ ਆਪ ਜ਼ਬਾਨ ਦੇ ਨਾਲ ਕੀਤੇ, ਤੈਨੂੰ ਵਿਸਰੇ ਕੌਲ-ਕਰਾਰ ਪਿਆਰੇ ।
ਇੱਕ ਹਰੀ-ਪਰਮਾਤਮਾ ਨਾਮ ਬਾਝੋਂ, ਝੂਠੇ ਜੱਗ ਤੇ ਵਣਜ-ਬਪਾਰ ਪਿਆਰੇ ।
ਦੇਵਾ ਸਿੰਘ ਬਿਨ ਸਿਮਰਨੋਂ ਸੁੱਖ ਨਾਹੀਂ, ਰਹੇ ਵੇਦ ਪੁਰਾਣ ਪੁਕਾਰ ਪਿਆਰੇ ।