ਘੱਘਾ ਆਖਦਾ ਘੱਲਿਆ ਕੰਮ ਜਿਹੜੇ, ਸੋਈ ਕੰਮ ਤੂੰ ਮਨੋਂ ਵਿਸਾਰ ਬੈਠੋਂ ।
ਰਹੇ ਸ਼ਾਹ ਦਾ ਅਜੇ ਹਿਸਾਬ ਬਾਕੀ, ਭਾਣੇ ਆਪਣੇ ਕਰਜ਼ ਉਤਾਰ ਬੈਠੋਂ।
ਨਹੀਂ ਦੇਖਿਆ ਜਾਇਕੇ ਧੋਬੀਆਂ ਨੂੰ, ਮੈਲੇ ਕਪੜੇ ਕਿਵੇਂ ਨਿਖਾਰ ਬੈਠੋਂ।
ਬਿਨਾਂ ਭਗਤੀਓਂ ਭਗਤ ਸਦਾਵਨਾ ਏਂ, ਬਿਨਾਂ ਸਾਧਨਾ ਜਨਮ ਸੁਧਾਰ ਬੈਠੋਂ।
ਤੈਨੂੰ ਘੱਲਿਆ ਵਾਸਤੇ ਜਿੱਤਣੇ ਨੂੰ, ਜੂਆ ਜਨਮ-ਜਹਾਨ ਤੇ ਹਾਰ ਬੈਠੋਂ।
ਦੇਵਨਹਾਰ ਦਾਤਾਰ ਨੂੰ ਛੱਡ ਦਿੱਤੋ, ਹੋਕੇ ਮੰਗਤਾ ਕਿਨ੍ਹਾਂ ਦਾ ਦਾਰ ਬੈਠੋਂ।
ਨਹੀ ਦੇਖਿਆ ਜਾਇਕੇ ਭਵਜਲਾਂ ਨੂੰ, ਬਿਨਾਂ ਲੰਘਿਆਂ ਕਿਸ ਤਰ੍ਹਾਂ ਪਾਰ ਬੈਠੋਂ ?
ਨਹੀਂ ਵੈਦ-ਹਕੀਮ ਦੀ ਲੋੜ ਰੱਖੀ, ਦੁੱਖ-ਦਰਦ ਦੇ ਨਾਲ ਬੀਮਾਰ ਬੈਠੋਂ।
ਤੇਰੀ ਜ਼ਿੰਦਗੀ ਮਿਸਲ ਮੁਸਾਫ਼ਰਾਂ ਦੇ, ਕਾਹਦੇ ਵਾਸਤੇ ਪੈਰ ਪਸਾਰ ਬੈਠੋਂ ?
ਤੈਨੂੰ ਚੰਦਰੀ ਗੋਰ ਉਡੀਕਦੀ ਏ, ਕਾਹਦੇ ਵਾਸਤੇ ਮਹਿਲ ਉਸਾਰ ਬੈਠੋਂ?
ਦਯਾ ਸਿੰਘ ਜੋ ਆਖਦਾ ਰੱਬ ਹੈ ਨਹੀਂ, ਐਸਾ ਕੌਣ ਤੂੰ ਵੇਦ ਵਿਚਾਰ ਬੈਠੋਂ ?