ਘਰ ਦੀਓਂ ਖ਼ੁਸ਼ੀਓਂ

ਭਾਵੇਂ ਘਰ ਦੀਓਂ ਖ਼ੁਸ਼ੀਓਂ ਵਾਂਝੀਆਂ ਗੁਫ਼ਾਂ ਹਨੇਰੀਆਂ ਮਿਲੀਆਂ ਰਹਿਣ,

ਭਾਵੇਂ ਸ਼ੁਭ ਘੜੀਆਂ ਦੀ ਥਾਵੇਂ ਦਿਵਸ ਹਨੇਰੇ ਮਿਲ ਗਏ ਸਹਿਣ,

ਭਾਵੇਂ ਕਸ਼ਟ ਕਰੋੜਾਂ ਉਭਰੇ ਮੇਰੀ ਹੋਂਦ ਮੁਕਾਵਣ ਖ਼ਾਤਰ,

ਭੁੱਲਾਂ ਨਾ ਤੈਨੂੰ ਹੇ ਮਾਤਾ ! ਤੇਰੀ ਪੂਜ ਕਰਾਵਣ ਖ਼ਾਤਰ

ਭਾਵੇਂ ਤੂੰ ਧਨਵਾਨ ਅਦੁੱਤੀ, ਸਰਬ ਗਿਆਨੀ, ਅਸਲ ਸਿਆਣੀ

ਭਾਵੇਂ ਤੁਧ ਅਸਥਾਨ ਉਚੇਰਾ, ਜਾਏਂ ਜਗਤ ਸਾਰੇ ਵਿਚ ਜਾਣੀ

ਭਾਵੇਂ ਸਖੀ ਤੂੰ ਸ਼ੁਭ ਹੋਣੀ ਦੀ, ਮਾਨਵ ਕੁਝ ਨਾ, ਜੇ ਤੂੰ ਨਾਹੀਂ,

ਤੇਰੀ ਕਿਰਪਾ ਬਾਝੋਂ ਮਾਤਾ, ਉਹ ਹਨ ਲਾਸ਼ਾਂ, ਇਹੋ ਅਖਾਈਂ

ਕੌਮ ਗ਼ੁਲਾਮੀ ਦੇ ਵਿਚ ਜਕੜੀ, ਕੀ ਉਹ ਕੌਮ ਅਸਲ ਵਿਚ ਭਾਈ ?

ਜਿੰਦ-ਰਖਿਆ ਤੇ ਗਿਆਨ ਦਾ ਵਾਧਾ, ਸਨਅਤਕਾਰੀ ਕਿਦ੍ਹੀ ਭਲਾਈ ?

ਕਵਿਤਾ, ਕਲਾ, ਗ੍ਰੰਥਾਂ ਸੰਦੀ ਕੀ ਕੁਝ ਆਸ ਰਖਣੀ ਚਾਹੀਏ ?

ਕੀ ਉਹ ਸਾਰੇ ਗੁਨਾਹਗਾਰ ਨਹੀਂ, ਚਖਿਆ ਦੁਧ ਨਾ ਤੇਰਾ ਮਾਈਏ !

ਹੇ ਮਾਂ, ਅਮਰ ਨਾਮਣੇ-ਦਾਤੀ, ਤਰਸ-ਯੋਗ ਉਹ, ਮਿਹਰ ਨਾ ਤੇਰੀ

ਰੋਗੀ ਹੋ ਹੋ ਮਰ ਮਰ ਜਾਂਦੇ, ਸੋਝੀ ਨਾ ਕਰਮ-ਫਲ ਕੇਰੀ

ਜੀਵਨ ਦੇ ਟੇਢੇ ਰਾਹਾਂ ਤੇ, ਖਟਦੇ ਸ਼ਰਮ ਅਤੇ ਬਦਨਾਮੀ,

ਨਾ ਜਾਣਨ ਜੋ ਪਾਵਨ ਜੀਵਨ; ਖ਼ੁਸ਼ੀ ਨਾ ਸੁਪਨੇ, ਵਿਚ ਗ਼ੁਲਾਮੀ

📝 ਸੋਧ ਲਈ ਭੇਜੋ