ਬਾਲੜੀ ਉਮਰੇ
ਤਖ਼ਤੀ ਉਤੇ
ਕੱਚੀ ਪੈਨਸਿਲ ਦੇ ਨਾਲ
ਤੁਸਾਂ ਜੋ ਪੂਰਨੇ ਪਾਏ
ਉਮਰ ਦੇ ਸਾਰੇ ਸਾਲ
ਮੈਂ ਉਹਨਾਂ ਨੂੰ ਗੂੜ੍ਹੇ ਕਰਨ ਦੇ ਵਿਚ ਬਿਤਾਏ
ਤੁਸਾਂ ਜੋ ਮੇਰੇ ਹੱਥਾਂ ਦੇ ਵਿਚ ਕਲਾ ਪਛਾਣੀ
'ਵਾਹ' ਆਖਣ ਤੇ
ਮੇਰੇ ਮੱਥੇ ਦੇ ਵਿਚ ਬਲਦੇ ਦੀਵੇ ਨੂੰ ਸਾਹ ਮਿਲਿਆ
ਧੀਮਾ ਧੀਮਾ ਸਾਰੀ ਉਮਰ ਰਿਹਾ ਹੈ ਜਗਦਾ
ਮੇਰੇ ਜੀਵਨ ਵਿਚ ਮੇਰੇ ਸੁੱਖ-ਦੁੱਖ
ਜਾਂ ਮੇਰੇ ਰਾਹੀਆਂ-ਹਮਰਾਹੀਆਂ ਦੇ ਝੋਰੇ
ਕਮੀਆਂ-ਪੇਸ਼ੀਆਂ
ਮਨ-ਮਸਤਕ ਦੀ ਤਖ਼ਤੀ ਉਤੇ
ਕੱਚੇ ਪੂਰਨਿਆਂ ਦੇ ਵਾਂਗ ਉਕਰੀਆਂ
ਇਨ੍ਹਾਂ ਪੂਰਨਿਆਂ ਨੂੰ ਗੂੜ੍ਹੇ ਕਰਦਿਆਂ
ਸਾਧਨਾ ਦੇ ਵਿਚ ਅਉਧ ਲੰਘਾਈ
ਇਸ ਵਿਚ ਮੇਰਾ ਕੁਝ ਵੀ ਨਾਹੀਂ
ਸਭ ਕੁਝ ਤੁਸਾਂ ਦਾ
ਤੁਸਾਂ ਜੋ ਵਾਹ ਦੀ ਛੋਹ ਲਗਾਈ
ਸਦਾ ਰਹੀ ਉਹ ਮੇਰੇ ਅੰਗ-ਸੰਗ
ਸਦਾ ਰਹੀ ਉਹ ਸੰਗ-ਸਹਾਈ।