ਉਨ੍ਹਾਂ ਨੂੰ
ਮੇਰੇ ਤਾਰੇ ਤੋੜ ਲੈਣ ਤੱਕ ਦੀ ਆਸ ਸੀ ।
ਹੁੰਦੀ ਵੀ ਕਿਉਂ ਨਾ
ਬਚਪਨ ਤੋਂ ਹੀ ਉਨ੍ਹਾਂ ਨੂੰ
ਮੇਰੇ ਕੁਝ ਕਰ ਗੁਜ਼ਰਣ ਦਾ ਬੜਾ ਹੀ ਮਾਣ ਸੀ
ਉਹ ਤਾਂ ਚਾਹੁੰਦੇ ਸਨ;
ਪੁਲਾੜ 'ਚ ਛੱਡੇ ਮਸਨੂਈ ਸਿਆਰੇ ਵਾਂਗ
ਖ਼ਬਰਾਂ ਦੇ ਹਰ ਬੁਲੇਟਿਨ 'ਚ
ਉਨ੍ਹਾਂ ਦੇ ਲਾਲ ਦਾ ਵੀ ਜ਼ਿਕਰ ਹੋਵੇਗਾ
ਪਰ ! ਕੀ ਪਤਾ ਸੀ
ਮੈਂ ਆਪਣੇ ਹੀ ਮਲਬੇ ਹੇਠ ਦੱਬ ਕੇ ਰਹਿ ਜਾਵਾਂਗਾ
ਤੇ ਚਿੱਬ-ਖੜੱਬੇ ਬਰਤਨ ਵਾਂਗ
ਸਿਰਫ਼ ਘਰ ਦੇ ਨਿੱਕੇ-ਮੋਟੇ ਕੰਮ ਲਈ ਹੀ ਵਰਤਿਆ ਜਾਵਾਂਗਾ
ਨਾਲੇ ਕੋਈ ਪਤਾ ਥੋੜ੍ਹਾ ਸੀ !
ਮੈਂ ਕੱਦੂ 'ਚ ਭੱਜੇ ਫਿਰਦੇ,
ਡੰਗਰਾਂ ਦੇ ਪੈਰਾਂ ਗਾੜੀ
ਪਲਛੇਟੇ ਖਾਂਦੇ ਪਾਣੀ ਵਾਂਗੂੰ
ਸਮੇਂ ਦੇ ਪਿੰਡੇ 'ਤੇ ਕੋਈ ਦਾਗ਼ ਹੀ ਨਹੀਂ ਪਾ ਸਕਣਾ
ਮੈਂ ਤਾਂ ਬਣ ਕੇ ਰਹਿ ਗਿਆ ਹਾਂ
ਕਿਸੇ ਭੌਂ ਹੀਣ ਖੇਤ ਮਜ਼ਦੂਰ ਦਾ
ਕਿਸੇ ਬੰਬੀ ਵਾਲੇ ਸਰਦਾਰ ਪਾਸੋਂ
ਪਾਣੀ ਦੀ ਵਾਰੀ ਪੁੱਛ ਰਿਹਾ ਇਕ ਤਰਲਾ
ਆਪਣੀ ਤਾਂ ਹੋਂਦ
ਕਿਸੇ ਰਾਜਸੀ ਨੇਤਾ ਦੇ ਨਿਕਟੀ-ਰਿਸ਼ਤੇਦਾਰ ਦੇ ਘਰ
ਬਿਨਾ ਰਾਸ਼ਨ ਕਾਰਡ ਦੇ ਪੁੱਜੀ
ਡਿੱਪੂ ਦੀ ਖੰਡ ਵਰਗੀ ਹੈ
ਜਿਸ ਦੀ ਕਿਸਮਤ
ਫਕਿਆਂ 'ਚ ਉਡ ਜਾਣ ਤੋਂ ਲੈ ਕੇ
ਕਿਸੇ ਦੂਰੋਂ ਆਏ ਗਏ ਲਈ
ਚਾਹ ਜਾਂ ਸ਼ਰਬਤ 'ਚ ਖੁਰਨਾ ਹੈ ।
ਚਾਹ ਜਾਂ ਸ਼ਰਬਤ 'ਚ ਖੁਰਨਾ ਹੈ !!