ਹਾਹਾ ਹੈ ਹਜ਼ੂਰ ਦੂਰ ਜਾਣੇ, ਤੇਰੇ ਵਿਚ ਹੀ ਠਾਕਰ ਵਸ ਰਿਹਾ।

ਜੈਸੀ ਵਾਸ਼ਨਾ ਫੁੱਲ ਦੇ ਵਿੱਚ ਹੈ ਜੀ, ਨਸ਼ਾ ਵਿੱਚ ਅਫੀਮ ਦੇ ਰਚ ਰਿਹਾ।

ਮਾਲਾ ਮਣਕਿਆਂ ਵਿੱਚ ਜਿਉਂ ਰਹੇ ਧਾਗਾ, ਜਲ-ਥਲ ਭਰਪੂਰ ਘੱਟ-ਘੱਟ ਰਿਹਾ।

ਬੰਦਾ ਪੂਰਿਆਂ ਗੁਰਾਂ ਦੇ ਮਿਲਣ ਬਾਝੋ, ਐਵੇਂ ਹਨੇਰ-ਅਗਿਆਨ ਵਿੱਚ ਫਸ ਰਿਹਾ।

ਮਿਰਗ-ਵਾਸ਼ਨਾ ਨਾਮ ਦੇ ਵਿੱਚ ਹੈ ਜੀ, ਡੱਰਦਾ ਜਾਣਕੇ ਝਾੜੀਏਂ ਨਸ ਰਿਹਾ।

ਦੱਸ ਓਨ ਕੀ ਕਿਸੇ ਨੂੰ ਵੱਸ ਕਰਨਾ, ਜੀਹਦਾ ਆਪਣਾ ਆਪ ਨਾ ਵੱਸ ਰਿਹਾ।

ਅੰਦਰ ਆਪਦੇ ਵਿਚੋਂ ਵਸਤ ਲੱਭੇ, ਅੰਦਰ ਕਿਸੇ ਦਾ ਖੋਜ ਨਾ ਦੱਸ ਰਿਹਾ।

ਤੇਰੇ ਵਿੱਚ ਹੈ ਵਸਤ ਜਵਾਹਰ ਮੋਤੀ, ਤੈਨੂੰ ਵੇਦ ਪੁਰਾਨ ਵੀ ਦੱਸ ਰਿਹਾ।

ਦਿਲ ਹੈ ਦਰਿਆਉ ਸਮੁੰਦ ਸਾਗਰ, ਫੁਰਨੇ ਨਾਲ ਮਾਰਦਾ ਲੱਫ ਰਿਹਾ।

ਜੋ ਬ੍ਰਮੰਹਡ ਉਤੇ ਸੋਈ ਪਿੰਡ ਅੰਦਰ, ਅਤੇ ਵਿੱਚ ਹਜ਼ਾਰ ਤੇ ਲੱਖ ਪਿਆ।

ਸੇਵਾ ਕਰ ਅਗਿਆਨ ਦਾ ਖੋਲ੍ਹ ਜੰਦਾ, ਕੁੰਜੀ ਗਿਆਨ ਹੈ ਗੁਰੂ ਦੇ ਹੱਥ ਰਿਹਾ।

ਬਿੰਦ ਪਿਤਾ ਦੀ ਮਾਉਂ ਦੇ ਸ਼ਿਕਮ ਆਈ, ਜਿਥੋਂ ਪੁੱਤ ਏਹ ਪੰਜ ਤੱਤ ਪਿਆ।

ਹੱਡ-ਮਾਸ ਤੇ ਪਿੰਜਰ ਨਾੜੀਆਂ ਦਾ, ਪੰਖੀ ਰੂਹ ਸਰੀਰ ਮੇਂ ਵੱਸ ਰਿਹਾ

ਕਿਸੇ ਰੋਜ ਸਰੀਰ 'ਚੋਂ ਉਡ ਜਾਸੀ, ਜਿਹੜਾ ਰੋਂਵਦਾ ਬੋਲਦਾ ਹੱਸ ਰਿਹਾ।

ਜਿੱਚਰ ਵਿੱਚ ਹੈ ਏਸ ਦੇ ਤੇਲ ਬਤੀ, ਤਿੱਚਰ ਜਾਣੀਏਂ ਦੀਵੜਾ ਮੱਚ ਰਿਹਾ।

ਪੰਜ ਤੱਤ ਹੈ ਬਲਦ ਸਰੀਰ ਗਡੀ, ਮਨ ਮਾਰ ਪਰਾਣੀਆਂ ਹੱਕ ਰਿਹਾ।

ਉਪਜਦਾ ਬਿਨਸਦਾ ਜੂਨ ਅੰਦਰ, ਬੰਦਾ ਆਂਵਦਾ ਜਾਂਵਦਾ ਥੱਕ ਰਿਹਾ।

ਭਜਨ-ਬੰਦਗੀ ਸੇਵਾ ਨਾ ਕੀਤੀ ਆਈ, ਥਾਂਈ ਹੋਰਨੀਂ ਮਾਰਦਾ ਝੱਖ ਰਿਹਾ।

ਕਿਤੋਂ ਗੁਰੂ ਨਾ ਵੈਦ ਹਕੀਮ ਮਿਲਿਆ, ਫੋੜਾ ਜੂਨ ਦਾ ਜਿਸਮ ਤੇ ਧੱਖ ਰਿਹਾ।

ਹੱਥ ਪਕੜਕੇ ਕਿਸੇ ਵਕਾਰ ਕੁਹਾੜਾ, ਮੂਰਖ ਧਰਮ ਦੇ ਬਿਰਧ ਕੱਟ ਰਿਹਾ।

ਮਾਨਸ-ਜਨਮ ਉਤਮ ਪੁੰਨਾਂ ਨਾਲ ਪਾਇਆ, ਐਸਾ ਲਾਲ ਰਲਾਂਵਦਾ ਪੱਖ ਰਿਹਾ।

ਪਾਈਏ ਚੂਰੀਆਂ ਹਟੇ ਕਰੰਗ ਖਾਣੋਂ, ਕੁੱਤੇ ਵਾਂਗ ਇਹਦਾ ਝੱਸ ਗਿਆ।

ਮਾਨਸ ਹੰਸ ਸੀ ਮੋਤੀਆਂ ਖਾਣ ਵਾਲਾ, ਕਾਗੀ ਰੱਲ ਕੇ ਵਿਸ਼ਟਾ ਚੱਖ ਰਿਹਾ।

ਮਿਲੇ ਜੋਤ ਮੇਂ ਜੋਤ ਬਾਹਰ ਹੋਆ, ਓਹਦਾ ਆਵਣਾ-ਜਾਵਣਾ ਬੱਸ ਰਿਹਾ।

ਸੋਈ ਪੱਕ ਗਿਆ ਜਿਹੜੇ ਮੁਕਤ ਹੋਯਾ, ਜਰਮ ਮਰੇ ਸੇ ਚਕਨੇਂ ਕੱਚ ਰਿਹਾ।

ਦੇਵਾ ਸਿੰਘ ਜੋ ਹੋਵਣਾ ਹੋਇ ਰਿਹਾ, ਨਹੀਂ ਏਸ ਇਨਸਾਨ ਦੇ ਵੱਸ ਰਿਹਾ।

📝 ਸੋਧ ਲਈ ਭੇਜੋ