ਹਾਹਾ ਆਖਦਾ ਹਿਰਸ ਜਹਾਨ ਦੀ ਤੋਂ, ਹੱਥ ਆਸ਼ਕਾਂ ਸਾਦਕਾਂ ਧੋਇਆ

ਲੱਭ ਲਿਆ ਬਦਖ਼ਸ਼ਾਂ ਦਾ ਲਾਲ ਜਿਨ੍ਹਾਂ, ਤਿੰਨ੍ਹਾਂ ਜੇਬ ਦੇ ਵਿੱਚ ਲਕੋਇਆ ਈ। 

ਇਛਆ ਰਹੀ ਨਾ ਤੀਰਥੀਂ ਨ੍ਹਾਵਣੇ ਦੀ, ਜਿਨ੍ਹਾਂ ਅੰਦਰੋਂ ਕੱਪੜਾ ਧੋਇਆ ਈ। 

ਗਿਆਨਵਾਨ ਮਹਾਨ ਉਹ ਜਾਣੀਏਂ ਜੀ, ਜਿਨ੍ਹਾਂ ਵੇਦ ਦਾ ਤੱਤ ਲਭੋਇਆ ਈ। 

ਪਾਈ ਬ੍ਰਹਮ ਅਨੰਦ ਮੇਂ ਮੋਖ ਪਦਵੀ, ਜਿਹੜਾ ਜੀਵੰਦਾ ਜਾਗਦਾ ਮੋਇਆ ਈ। 

ਬ੍ਰਿਤੀ ਅਧਿਕ ਸੁਚੇਤ ਹੈ ਜਾਗ੍ਰਤ ਸੇ, ਜਿਹੜਾ ਸਹਿਜ ਗਿਆਨ ਮੇਂ ਸੋਇਆ ਈ। 

ਜਿਹੜਾ ਜੋਤ ਮੇਂ ਜੋਤ ਮਿਲਾਇ ਬੈਠਾ, ਬ੍ਰਹਮ ਨਾਲ਼ ਬ੍ਰਹਮ ਦੇ ਹੋਇਆ ਈ। 

ਮਾਲਾ ਮਣਕਿਆਂ ਨਾਲ ਨਾ ਜਾਪ ਕਰਦੇ, ਜਿਨ੍ਹਾਂ ਚਿੱਤ ਮੇਂ ਨਾਮ ਪਰੋਇਆ ਈ। 

ਦਯਾ ਕਰਕੇ ਦੂਸਰੇ ਜੀਵ ਉਤੇ, ਜਿਨ੍ਹਾਂ ਆਪਣੇ ਜਿਗਰ ਨੂੰ ਕੋਹਿਆ ਈ। 

ਏਕ-ਏਕ ਹੰਝੂ ਲਾਲ ਮੁੱਲ ਦਾ ਏ, ਜਿਹੜਾ ਵਿੱਚ ਵੈਰਾਗ ਦੇ ਚੋਇਆ ਈ। 

ਤਿੰਨ ਮੰਜ਼ਲ ਦਾ ਕਰ ਲਿਆ ਸੈਲ ਜਿਸਨੇ, ਚੌਥੀ ਮੰਜ਼ਲ ਮੇਂ ਜਾਇ ਖਲੋਇਆ ਈ।

ਜਾਪ ਜਿਨ੍ਹਾਂ ਦੇ ਦਿਲਾਂ ਮੇਂ ਦਯਾ ਸਿੰਘ, ਤਿਨ੍ਹਾਂ ਮੁੱਖ ਦੇ ਜਾਪ ਨੂੰ ਖੋਇਆ ਈ।

📝 ਸੋਧ ਲਈ ਭੇਜੋ