ਹੈ ਦੁਨੀਆਂ ਮਤਲਬ ਦੀ

ਹੈ ਦੁਨੀਆਂ ਮਤਲਬ ਦੀ ਇੱਥੇ ਕੋਈ ਨਾ ਕਿਸੇ ਦਾ ਯਾਰ

ਹੈ ਦੁਨੀਆਂ ਮਤਲਬ ਦੀ

ਮਤਲਬ ਹੋਵੇ ਸਭ ਨੇ ਮਿੱਠੇ ਪਾਉਣ ਜੱਫੀਆਂ ਸਾਰੇ

ਸਭ ਨੇ ਨੇੜੇ ਹੋ ਹੋ ਬਹਿੰਦੇ ਖਾਣ ਪੀਣ ਦੇ ਮਾਰੇ

ਪਏ ਮੁਸੀਬਤ ਸਾਥ ਛੱਡਕੇ ਜਾਣ ਉਡਾਰੀ ਮਾਰ

ਹੈ ਦੁਨੀਆ ਮਤਲਬ ਦੀ ਇਥੇ ਕੋਈ ਨਾ ਕਿਸੇ ਦਾ ਯਾਰ

ਜਿਸ ਦੇ ਪੱਲੇ ਮਾਇਆ ਹੋਵੇ ਉਸ ਨੂੰ ਹਰ ਗਲ ਲਾਵੇ

ਨਾਲ ਗਰੀਬ ਦੇ ਵਿੱਚ ਦੁਨੀਆਂ ਦੇ ਕੋਈ ਨਾ ਮਿੱਤਰਤਾ ਪਾਵੇ

ਭੁੱਖੇ ਨੂੰ ਟੁੱਕ ਕੋਈ ਨਾ ਦੇਵੇ ਧਨੀਆਂ ਦਾ ਸਤਿਕਾਰ

ਹੈ ਦੁਨੀਆ ਮਤਲਬ ਦੀ ਇਥੇ ਕੋਈ ਨਾ ਕਿਸੇ ਦਾ ਯਾਰ

ਧੀਆਂ ਪੁੱਤ ਸਭ ਖੇਡ ਬੰਦੇ ਦੀ ਕਿਸੇ ਨੀ ਸਾਥ ਨਿਭਾਉਂਣਾ

ਭਾਈ ,ਭੈਣ, ਪਿਓ, ਚਾਚੇ, ਤਾਏ ਸੰਗ ਨਾ ਕਿਸੇ ਨੇ ਜਾਣਾ

ਕੁੱਝ ਨਹੀਂ ਜਦ ਕਿਸੇ ਦਾ ਇਥੇ ਫਿਰ ਕਾਹਦਾ ਹੰਕਾਰ

ਹੈ ਦੁਨੀਆ ਮਤਲਬ ਦੀ ਇਥੇ ਕੋਈ ਨਾ ਕਿਸੇ ਦਾ ਯਾਰ

ਐਮ,ਏ ਬੰਦਾ ਭੁੱਲਿਆ ਫਿਰਦਾ ਮੋਹ ਮਾਇਆ ਵਿੱਚ ਫਸਿਆ

ਇਹ ਦੁਨੀਆਂ ਹੈ ਸੁਪਨੇ ਵਾਂਗੂ ਬਾਣੀ ਗੁਰਾਂ ਦੀ ਦੱਸਿਆ

ਨੇਕੀ ਦਾ ਕੰਮ ਕਰੀਏ ਕੋਈ ਜਿੰਦਗੀ ਹੈ ਦਿਨ ਚਾਰ

ਹੈ ਦੁਨੀਆਂ ਮਤਲਬ ਦੀ ਇਥੇ ਕੋਈ ਨਾ ਕਿਸੇ ਦਾ ਯਾਰ

📝 ਸੋਧ ਲਈ ਭੇਜੋ