ਹੰਝੂਵਾਂ ਦੀ ਤਸਬੀ ਵਿੱਚ ਦੁੱਖ ਪਰੋਏ ਸਨ।
ਤਾਹੀਓਂ ਮੇਰੇ ਸੁਫ਼ਨੇ ਸਿਲ੍ਹੇ ਹੋਏ ਸਨ।
ਅੱਧੀ ਰਾਤੀਂ ਚਾਨਣੀ ਅੰਦਰ ਦੋ ਪ੍ਰਛਾਂਵੇਂ,
ਇੱਕ ਦੂਜੇ ਦੇ ਗਲ ਨਾਲ਼ ਲੱਗ ਕੇ ਰੋਏ ਸਨ।
ਹਿੱਜਰਾਂ ਪਾਰੋਂ ਝੱਲੀ ਹੋਈ ਫਿਰਦੀ ਸਾਂ,
ਤਾਂਘ ਤੇਰੀ ਵਿਚ ਖੂਹ ਨੈਣਾਂ ਦੇ ਜੂਏ ਸਨ।
ਭਾਂਵੇਂ ਰੱਜ ਕੇ ਰੋਲਿਆ ਸਾਨੂੰ ਵੇਲੇ ਨੇ,
ਫ਼ਿਰ ਵੀ ਸਾਡੇ ਜਜ਼ਬੇ ਨਵੇਂ ਨਰੋਏ ਸਨ।
ਅਸੀਂ ਤੇ ਯਾਰ ਦੀ ਪੂਜਾ ਕੀਤੀ ਸਾਹਵਾਂ ਨਾਲ਼,
ਉਹਦੇ ਭਾਰ ਵੀ ਆਪਣੇ ਸਿਰ ਤੇ ਢੋਏ ਸਨ।
ਕਿੰਨੇ ਕਲੀਆਂ ਪੈਰਾਂ ਹੇਠਾਂ ਮਿੱਧ ਛੱਡੀਆਂ,
ਕਿੰਨੇ ਕੰਡਿਆਂ ਵਿਚ ਗੁਲਾਬ ਪਰੋਏ ਸਨ।
ਇਸ਼ਕ ਜਿਨ੍ਹਾਂ ਦੇ ਲੂੰ ਲੂੰ ਰਚਿਆ ਸੁਗ਼ਰਾ ਜੀ,
ਵੇਲੇ ਹੱਥੋਂ ਮਰ ਕੇ ਵੀ ਕਦ ਮੋਏ ਸਨ।