ਹਰ ਅਦਾ ਉਸਦੀ ਜਦੋਂ ਇਕ ਸ਼ੇਅਰ ਕਰਦੀ ਅਰਜ਼ ਹੈ
ਤਾਂ ਗ਼ਜ਼ਲ ਉਸਨੂੰ ਮੁਕੰਮਲ ਆਖਣਾ ਵੀ ਫ਼ਰਜ਼ ਹੈ
ਰਿਸ਼ਤਿਆਂ ਵਿਚ ਹੁਣ ਅਵੱਲੀ ਨਜ਼ਮ ਖੁੱਲ੍ਹੀ ਆ ਰਲੀ
ਨਾ ਰਹੀ ਤਰਤੀਬ ਕੋਈ ਤੇ ਰਹੀ ਨਾ ਤਰਜ਼ ਹੈ
ਨਬਜ਼ ਹੈ ਚਲਦੀ ਪਈ ਪਰ ਜੀ ਰਿਹਾ ਨਾ ਆਦਮੀ
ਫੈਲਦੀ ਜਾਂਦੀ ਭਲਾ ਇਹ ਕਿਸ ਤਰ੍ਹਾਂ ਦੀ ਮਰਜ਼ ਹੈ
ਮਤਲਬੀ ਇਨਸਾਨ ਹੈ ਪਹਿਚਾਨ ਮੇਰੇ ਦੌਰ ਦੀ
ਫੇਰ ਕੀ ਅਸਚਰਜ ਹੈ ਜੇ ਯਾਰ ਵੀ ਖ਼ੁਦਗ਼ਰਜ਼ ਹੈ
ਸੱਚ ਬੋਲਣ ਤੋਂ ਕਦੇ ਵੀ ਬਾਜ਼ ਉਹ ਆਉਂਦਾ ਨਹੀਂ
ਮੋੜਨਾ ਸ਼ਾਇਦ ‘ਅਮਰ’ ਨੇ ਪੱਥਰਾਂ ਦਾ ਕਰਜ਼ ਹੈ