ਹਰ ਕਿਸੇ ਦਾ ਜ਼ਿੰਦਗੀ ਨੂੰ ਜੀਣ ਦਾ ਇਕ ਢੰਗ ਹੈ
ਇਕ ਵਜਾਵੇ ਬੀਨ ਤੇ ਇਕ ਮਾਰਦਾ ਬਸ ਡੰਗ ਹੈ
ਆ ਸਕੇ ਤਾਂ ਆ ਕਦੇ ਤੂੰ ਇਹ ਗਿਰਾਂ ਹੈ ਇਸ਼ਕ ਦਾ
ਹੈ ਬੜੀ ਭੀੜੀ ਗਲੀ ਤੇ ਮੋੜ ਵਾਹਵਾ ਤੰਗ ਹੈ
ਬੂਰੀਆਂ ਜੇ ਚਾਰੀਆਂ ਤਾਂ ਚੂਰੀਆਂ ਵੀ ਖਾਧੀਆਂ
ਫਿਰ ਕੀ ਹੋਇਆ ਚਾਕ ਤਾਈਂ ਖਾ ਗਿਆ ਜੇ ਝੰਗ ਹੈ
ਬੇਵਫ਼ਾ ਮੈਂ ਵੀ ਸਹੀ ਪਰ ਪਿਆਰ ਤੈਨੂੰ ਵੀ ਨਹੀਂ
ਤੋੜ ਕੇ ਵੇਖੀ ਤਲੀ ’ਤੇ ਕੱਚ ਦੀ ਮੈਂ ਵੰਗ ਹੈ
ਰਹਿਮ—ਦਿਲ ਯਾਰਾਂ ਨੇ ਦਿਲ ’ਤੇ ਵਾਰ ਕਰਕੇ ਆਖਿਆ
‘ਮੰਗ ਲੈ ਦਿਲ ਖੋਲ੍ਹ ਕੇ ਜਿਹੜੀ ਵੀ ਤੇਰੀ ਮੰਗ ਹੈ’
ਜੇ ਸ਼ਿਕਾਰੀ ਮਾਰ ਦੇਵੇ ਤਾਂ ਨਹੀਂ ਕੋਈ ਗਿਲਾ
ਰੰਜ ਹੈ ਕਿ ਪਿੰਜਰੇ ਦਾ ਆਸਮਾਨੀ ਰੰਗ ਹੈ