ਹਰ ਪਲ ਏਥੇ ਹੁੰਦਾ ਰਹਿੰਦਾ ਜੰਗਲ ਦਾ ਅਹਿਸਾਸ ਜਿਹਾ
ਆਖਣ ਨੂੰ ਤਾਂ ਸ਼ਹਿਰੀ ਹਾਂ ਪਰ ਕੱਟਦਾ ਹਾ ਬਨਵਾਸ ਜਿਹਾ
ਹੁਣ ਕਿਸ ਤੋਂ ਕਰੀਏ ਆਸ ਜਿਹੀ ਇਕ ’ਤੇ ਵੀ ਵਿਸ਼ਵਾਸ ਨਹੀਂ
ਹਰ ਬੰਦਾ ਹੁਣ ਜ਼ਹਿਰੀ ਹੈ ਤੇ ਹਰ ਘਰ ਨਾਗ—ਨਿਵਾਸ ਜਿਹਾ
ਯਾਰੀ ਵਿਚ ਵੀ ਰੱਖਦੇ ਨੇ ਹੁਣ ਯਾਰ ਹਿਸਾਬ—ਕਿਤਾਬ ਬੜਾ
ਪਿਆਰ ਦੇ ਵਿਚ ਵੀ ਅਲਜਬਰੇ ਦਾ ਕਰਦੇ ਨੇ ਅਭਿਆਸ ਜਿਹਾ
ਹੁਸਨ ਤੇਰੇ ਦੇ ਪਰ ਨਿਕਲਣ ’ਤੇ ਖ਼ੁਸ਼ ਹਾਂ ਪਰ ਇਹ ਡਰ ਵੀ ਹੈ
‘ਨਾਲ ਪਰਾਂ ਦੇ ਜੁੜਿਆ ਰਹਿੰਦਾ ਹਰ ਵੇਲੇ ਪਰਵਾਸ ਜਿਹਾ’
ਤੇਰੇ ਮੁੱਖ ਤੋਂ ਮਿਲਿਆ ਮੈਨੂੰ ਸਿਰਨਾਵਾਂ ਹੈ ਚਾਨਣ ਦਾ
ਜ਼ੁਲਫ਼ ਤੇਰੀ ’ਚੋਂ ਪੜਿ੍ਹਆ ਹੈ ਮੈਂ ਰਾਤਾਂ ਦਾ ਇਤਿਹਾਸ ਜਿਹਾ
ਮਿਰਜ਼ੇ ਵਾਂਗ ਭਜਾ ਕੇ ਤੈਨੂੰ ਲੈ ਜਾਵਾਂ ਤੇ ਮਰ ਜਾਵਾਂ
ਮੁੰਦਰਾਂ ਪਾ ਕੇ ਭਸਮ ਰਮਾ ਕੇ ਲੈਣਾ ਕੀ ਸੰਨਿਆਸ ਜਿਹਾ
ਚਾਰ ਚੁਫੇਰੇ ਤੇਰੀ ਮੇਰੀ ਪ੍ਰੇਮ ਕਹਾਣੀ ਫੈਲ ਗਈ
ਆਮ ਜਿਹੇ ਲੋਕਾਂ ਨੂੰ ਮਿਲਿਆ ਇਹ ਮੁੱਦਾ ਹੈ ਖ਼ਾਸ ਜਿਹਾ
ਦੁਰਘਟਨਾਵਾਂ, ਹਉਕੇ, ਹੰਝੂ, ਹਾਵਾਂ ਚਾਰ ਦਿਸ਼ਾਵਾਂ ਨੇ
ਕਿਸ ਪਾਸੇ ਹੁਣ ਜਾ ਕੇ ਦਈਏ ਖ਼ੁਦ ਨੂੰ ਇਕ ਧਰਵਾਸ ਜਿਹਾ
ਯਾਦ ਕਿਸੇ ਰੰਗੀਨ ਜਿਹੀ ਵਿਚ ਮੈਂ ਹਾਂ ਪੂਰਾ ਲੀਨ ਅਜੇ
ਚੁੱਕ ਲੈ ਹਾਲੇ ਬੋਤਲ ਸਾਕੀ, ਚੁੱਕ ਲੈ ਮੇਜ਼—ਗਿਲਾਸ ਜਿਹਾ