ਹਰ ਸੂਰਤ ਵਡਿਆ ਦਿੱਤੀ ਏ।
ਆਪਣੀ ਜ਼ਾਤ ਨਿਵਾ ਦਿੱਤੀ ਏ।
ਬੂਹਾ ਢੋ ਕੇ ਬੈਠਾ ਸੀ,
ਮੈਂ ਕੁੰਡੀ ਖੜਕਾ ਦਿੱਤੀ ਏ।
ਇੰਜ ਹਨ੍ਹੇਰੇ ਚੋਂ ਲੌ ਫੁੱਟੀ,
ਮਾਂ ਨੇ ਜਿਵੇਂ ਦੁਆ ਦਿੱਤੀ ਏ।
ਅੱਖ ਦਰਸ਼ਨ ਦੀਦਾਰ ਸੀ ਮੰਗਦੀ,
ਵਿਚਲੀ ਕੰਧ ਮੈਂ ਢਾ ਦਿੱਤੀ ਏ।
ਉਹਨੇ ਦਿਲ ਕੀ ਮੰਗਿਆ ਮੈਥੋਂ,
ਮੈਂ ਜਿੰਦ ਜਾਨ ਲੁਟਾ ਦਿੱਤੀ ਏ।
ਇਸ਼ਕ ਚ ਕਮਲੇ ਝੱਲੇ ਜੱਟ ਨੂੰ,
ਚੂਰੀ ਹੀਰ ਖਵਾ ਦਿੱਤੀ ਏ।
ਚੁੰਨੀ ਨੂੰ ਪ੍ਰਚਮ ਚਾ ਕੀਤਾ,
ਵੰਗ ਨਾਲ਼ ਵੰਗ ਵਜਾ ਦਿੱਤੀ ਏ।
ਮੈਂ ਹਰ ਇਕ ਦੇ ਕੰਮ ਆਨੀ ਆਂ,
ਇਹ ਤੌਫ਼ੀਕ ਖ਼ੁਦਾ ਦਿੱਤੀ ਏ।
ਮੈਨੂੰ ਸਭ ਕੁੱਝ ਯਾਦ ਏ ਸੁਗ਼ਰਾ,
ਉਸ ਹਰ ਗਿੱਲ ਭੁਲਾ ਦਿੱਤੀ ਏ।