ਹੇ ਗੁਰੂ ਨਾਨਕ !
ਚਿੱਟੇ ਕੱਪੜੇ ਰੱਤ ਜੇ ਲੱਗੇ
ਜਾਮਾ ਹੋ ਜਾਵੇ ਅਪਵਿੱਤਰ
ਬੰਦੇ ਦੀ ਰੱਤ ਪੀ-ਪੀ ਏਥੇ
ਵੇਖੋ ਬਾਘੀਆਂ ਪਾਉਂਦੇ ਮਿੱਤਰ ।
ਤੇਰੇ ਬੋਲ ਉਚਾਰੇ ਬਾਬਾ
ਲੋਕਾਂ ਦੇ ਸਿਰਾਂ ਤੋਂ ਲੰਘੇ
ਰੱਤ ਪੀਣੇ ਲੋਕਾਂ ਨੇ
ਭਾਈ ਲਾਲੋ ਜਹੇ ਸੂਲੀ ਟੰਗੇ।
ਕਰਾਮਾਤ ਨੂੰ ਕਹਿਰ ਕਿਹਾ ਤੂੰ
ਹੱਕ ਪਰਾਇਆ ਜ਼ਹਿਰ ਕਿਹਾ ਤੂੰ
ਤੇਰਾ ਨਾਮ ਪੁਕਾਰ ਕੇ ਬਾਬਾ
ਤੇਰੇ ਨਾਂ ਕਰਾਮਾਤਾਂ ਜੁੜੀਆਂ
ਬਦਕਿਸਮਤੀ ਵੇਖੋ ਯਾਰੋ
ਤੇਰੀਆਂ ਲਿਖੀਆਂ ਕਿਸੇ ਨਾ ਪੜ੍ਹੀਆਂ।
ਹੱਕ ਪਰਾਇਆ ਖਾ-ਖਾ ਭਾਗੋ
ਗਊ ਵੀ ਖਾਂਦੇ ਸੂਰ ਵੀ ਖਾਂਦੇ
ਬਗਲੇ ਭਗਤ ਕਬੂਤਰ ਗੋਲੇ
ਨਾਲੇ ਤੇਰਾ ਨਾਮ ਜਪਾਉਂਦੇ ।
ਹੇ ਗੁਰੂ ਨਾਨਕ !
ਮੇਰੀ ਅਰਜ਼ੋਈ ਹੈ
ਡੁੱਬਦਾ ਬੇੜਾ ਡੁੱਬ ਨਾ ਜਾਵੇ
ਅੱਜ ਦਾ ਸੂਰਜ ਡੁੱਬ ਨਾ ਜਾਵੇ
ਸੱਚ ਦਾ ਸੂਰਜ ਡੁੱਬ ਨਾ ਜਾਵੇ
ਐਸੀ ਬਖਸ਼ਿਸ਼ ਕਰ ਦੁਨੀਆਂ ਤੇ
ਮਨੁੱਖ-ਮਨੁੱਖ ਵੈਰੀ ਬਣੇ ਨਾ
ਕਦਰਾਂ ਕੀਮਤਾਂ ਭੁੱਲ ਨਾ ਜਾਵੇ।
ਹੇ ਗੁਰੂ ਨਾਨਕ
ਤੇਰਾ ਖ਼ੌਫ ਮੁੱਕ ਨਾ ਜਾਵੇ
ਐਸਾ ਇਕ ਮਾਹੌਲ ਬਣਾ ਦੇ
ਹਊਮੈ ਦੀ ਅੱਗ ਮੁੱਕ ਹੀ ਜਾਵੇ।
ਹੇ ਗੁਰੂ ਨਾਨਕ
ਮੇਰੀ ਇਹ ਹੀ ਅਰਜ਼ੋਈ ਹੈ
ਮਾਨਵਤਾ ਨੂੰ ਮਾਫ਼ੀ ਦੇ ਕੇ
ਧਰਮ ਦੇ ਠੇਕੇਦਾਰਾਂ ਤੋਂ
ਮੌਕੇ ਦੇ ਹਾਕਮਦਾਰਾਂ ਤੋਂ
ਇਹ ਮੇਰੀ ਅਰਦਾਸ ਹੈ ਤੈਨੂੰ
ਇਹ ਮੇਰੀ ਅਰਜ਼ੋਈ ਹੈ ਤੈਨੂੰ ।