ਹਿਜਰ ਹਨੇਰੇ ਮਾਰ ਮੁਕਾਇਆ

ਹਿਜਰ ਹਨੇਰੇ ਮਾਰ ਮੁਕਾਇਆ ਇਸ਼ਕ ਦਾ ਦੀਵਾ ਬਾਲ ਓ ਸੱਜਣਾਂ। 

ਅੱਖ ਦੀ ਝੋਲ਼ੀ ਚਾਨਣ ਪਾ ਦੇ, ਚਾਨਣ ਤੇਰੇ ਨਾਲ਼ ਓ ਸੱਜਣਾਂ।

 

ਇਸ਼ਕ ਸਮੁੰਦਰ ਠਾਠਾਂ ਮਾਰੇ, ਪਲਕਾਂ ਵਾਲੀ ਬੁੱਕਲ ਵਿੱਚ,

ਸ਼ੋਹ ਨੇ ਤੇਰੇ ਵਿਚੋਂ ਲੱਭਣਾ, ਅੰਦਰ ਮਾਰੀਂ ਛਾਲ ਓ ਸੱਜਣਾਂ।

ਅਚਨਚੇਤ ਇਹ ਨੱਪ ਲਵੇ ਨਾ, ਮੇਰੀਆਂ ਅੱਲ੍ਹੜ ਸੱਧਰਾਂ ਨੂੰ,

ਗ਼ਰਜ਼ਾਂ ਦੀ ਡੋਰੀ ਦਾ ਪੀਢਾ ਉਣਿਆ ਹੋਇਆ ਜਾਲ਼ ਓ ਸੱਜਣਾਂ।

ਵਿਰਦ ਤੇਰਾ ਏ ਅੰਬਰੋਂ ਉੱਚਾ, ਦੇਣ ਗਵਾਹੀ ਚੰਨ ਤੇ ਤਾਰੇ,

ਪਿਆਰ ਨੂੰ ਉੱਚਾ ਕਰ ਜਾਵਾਂਗੀ, ਲੋਕੀ ਦੇਣ ਮਿਸਾਲ ਓ ਸੱਜਣਾਂ।

ਬਰਸਾਤਾਂ ਨੇ ਮਨ ਪਰਚਾਇਆ ਸਾਵਾ ਸੌਣ ਮਹੀਨਾ ਆਇਆ,

ਜੀਵਨ ਪੀਂਘ ਹੁਲਾਰੇ ਮੰਗੇ, ਕਰ ਲੈ ਇਹਦੀ ਭਾਲ਼ ਓ ਸੱਜਣਾਂ।

ਅੱਠੇ ਪਹਿਰੇ ਯਾਦ ਤੇਰੀ ਏ ਸਾਹ ਦੀ ਤਸਬੀਹ ਉੱਤੇ,

ਆਪਣੀ ਸੋਚ ਫ਼ਿਕਰ ਨਾ ਕੋਈ, ਹਰਦਮ ਤੇਰਾ ਖ਼ਿਆਲ ਓ ਸੱਜਣਾਂ।

ਸੱਦਫ਼ ਨੇ ਸੱਜਰੇ ਸ਼ਿਅਰ ਉਲੀਕੇ, ਜੀਵਨ ਦੇ ਸਿਰਨਾਂਵੇਂ ਤੇ,

 ਅੱਖਰਾਂ ਦੀ ਖ਼ੁਸ਼ਬੋ ਪਈ ਦੱਸੇ ਸੱਚਾ ਸੁਖ਼ਨ ਕਮਾਲ ਓ ਸੱਜਣਾਂ।

📝 ਸੋਧ ਲਈ ਭੇਜੋ