ਹਿਮਾਲਿਆਂ ਦੀ ਝੱਜਰੀ

ਮੁੱਢੋਂ ਧਰਤੀ ਦਾ ਤਾਜ਼ ਰਹੇ,ਅੰਬਰਾਂ ਦੇ ਤਾਰੇ

ਨਾਭੀ ਚੁੰਨੀਆਂ ਦੀ ਹਿੱਕ ‘ਤੇ,ਤਲਿਸਮੀ-ਸਿਤਾਰੇ

ਮਹਿੰਦੀ-ਰੁੱਤੇ, ਫ਼ਬੀ ਹੋਣੀ,ਉਫ਼ਕ ਦੀ ਸ਼ਾਹ-ਪੱਟੀ

ਕੋਰਾਂ,ਬਾਡਰਾਂ ਦੀ ਆਨ-ਸ਼ਾਨ,ਗੋਟੜੇ ਪਿਆਰੇ।

ਪਾਲੀ-ਰਾਤੇ ਅੰਬਰਾਂ ‘ਤੇ, ਚੰਨ ਬਾਬਾ ਠਰੀਂ ਜਾਵੇ

ਬਣ ਬੱਦਲਾਂ ਦਾ ਲੇਫ ਚੱਲੇ, ਹਵਾ, ਪਾਣੀ, ਕਣ ਸਾਰੇ

ਹਿਮਾਲਿਆਂ ਦੀ ਝੱਜਰੀ ‘ਚੋਂ, ਮਿੱਠਾ-ਦਾਰੂ ਰਸੀਂ ਜਾਵੇ

ਚੁਗ ਕੱਲਰਾਂ ਦਾ ਕੋੜ, ਉੱਗੇ ਗੁੱਟੇ-ਗੁਲਨਾਰੇ।

ਥਲ਼ਾਂ ਰੰਗੇ ਸਾਲੂਆਂ ‘ਤੇ,ਸੱਸੀਆਂ ਦੀ ਪੀੜ ਪਾਓਣੀ

ਕੁੱਠ, ਕੇਸਰ, ਕਪੂਰ,ਛਾਲੇ, ਧੁੱਪ ਦੇ ਫ਼ੁਹਾਰੇ

ਖੇਸ, ਦਰੀਆਂ, ਗਲੀਚੇ, ਪ੍ਰੇਮ ਨੇਮ ਨਾਲ ਸੀਂਚੇ

ਸੀਲ, ਸੰਜਮ, ‘ਖ਼ਲਾਕ,ਸਭ ਦਾਜ ਦੇ ਭੰਡਾਰੇ।

📝 ਸੋਧ ਲਈ ਭੇਜੋ