ਹਿਰਖਾਂ ਇੰਝ ਦੀ ਧੂੜ ਉਡਾਈ

ਹਿਰਖਾਂ ਇੰਝ ਦੀ ਧੂੜ ਉਡਾਈ ਸਾਹਵਾਂ ਵਿੱਚ।

ਚਾਨਣ ਵਰਗੇ ਲੋਕੀ ਰੁਲ਼ ਗਏ ਰਾਹਵਾਂ ਵਿੱਚ।

ਹਿਰਸ ਦੀ ਨ੍ਹੇਰੀ, ਲੋੜਾਂ ਨੂੰ ਰਾਹ ਦੱਸਣ ਲਈ,

ਵਾਵਰੋਲੇ ਘੁੱਟ ਲਿਆਈ ਬਾਹਵਾਂ ਵਿੱਚ।

ਕੁਤਬੀ ਤਾਰਾ ਲੱਭਦੀ ਲੱਭਦੀ ਥੱਕ ਗਈ ਆਂ,

ਕਿਰਚੀ ਕਿਰਚੀ ਹੋਈ ਰਾਤ ਨਿਗਾਹਵਾਂ ਵਿੱਚ।

ਕਿਸੇ ਦੇ ਹੱਥ ਨਾ ਆਇਆ ਬਿੱਕਰ ਭਾਂਡੇ ਦਾ,

ਵੇਲ਼ਾ ਡੁੱਬਦਾ ਤੁਰਦਾ ਰਿਹਾ ਚਨ੍ਹਾਵਾਂ ਵਿੱਚ।

ਬਦੋਬਦੀ ਮੈਂ ਹੱਥ ਜਾ ਲਾਇਆ ਅੰਬਰ ਨੂੰ,

ਜੱਗ ਤੋਂ ਉੱਚੀ ਹੋ ਗਈ ਪਿਆਰ ਪਨਾਹਵਾਂ ਵਿੱਚ।

ਚਾਰ ਚੁਫ਼ੇਰੇ ਹੁੱਸੜ ਪੈਰ ਪਸਾਰੇ ਨੇ,

ਸਾਹਵਾਂ ਨੂੰ ਮੈਂ ਧੱਕਿਆ ਤੱਤੀਆਂ ਵਾਹਵਾਂ ਵਿੱਚ।

ਮੈਂ ਵੀ ਉਹਦਾ ਪੱਲਾ ਫੜਿਆ ਇਸੇ ਲਈ,

ਉਹਦੀ ਦਰਵੇਸ਼ੀ ਦਾ ਚਰਚਾ ਸ਼ਾਹਵਾਂ ਵਿੱਚ।

ਬਾਕੀ ਰਿਸ਼ਤਿਆਂ ਨਾਤਿਆਂ ਦੀ ਕੀ ਗੱਲ ਕਰਨੀ,

ਸੁਗ਼ਰਾ ਨਿੱਘ ਰਹੀ ਨਾ ਧੀਆਂ ਮਾਵਾਂ ਵਿੱਚ।

📝 ਸੋਧ ਲਈ ਭੇਜੋ