ਹੋਇਆ ਆਖਿਰ ਓਹੀ ਜਿਸਨੂੰ

ਹੋਇਆ ਆਖਿਰ ਓਹੀ ਜਿਸਨੂੰ

ਮੈਂ ਮੁੱਦਤ ਤੋਂ ਟਾਲ਼ ਰਿਹਾ ਸਾਂ । 

ਪਰਤੇ ਅਪਣੇ  ਦਸਤਕ ਦੇ ਕੇ

ਜਦ ਮੈਂ ਖ਼ੁਦ ਨੂੰ ਭਾਲ਼ ਰਿਹਾ ਸਾਂ । 

ਤੁਰਨੋਂ ਪਹਿਲਾਂ ਹੀ ਸਭ ਰਸਤੇ

ਸਾਗਰ ਵੱਲ ਨੂੰ ਦੌੜ ਗਏ ਸਨ

ਮਨ ਅੰਦਰ ਹੀ ਪੈਰਾਂ ਥੱਲੇ 

ਮੈਂ ਹਾਲੇ ਅੱਗ ਬਾਲ਼ ਰਿਹਾ ਸਾਂ । 

ਜੋ ਹੌਲ਼ਾ ਸੀ ਲਾਹ ਕੇ ਸੁੱਟਿਆ 

ਰੱਖ ਲਈ ਰੇਤ ਨਿਤਾਰਨ ਲਈ, 

ਜ਼ਿੰਦਗੀ ਦੇ ਦਰਪਣ ਦਾ ਪਾਣੀ

ਖਿਝ ਕੇ ਜਦੋਂ ਹੰਘਾਲ਼ ਰਿਹਾ ਸਾਂ

ਬੀਤੇ ਪਲ ਦਾ ਹਰ  ਹੌਂਕਾ ਹੀ

ਅਣਸੁਣਿਆ ਕਰ ਬੈਠਾ ਮੈਂ ,

ਇੱਕ ਸਾਂਚੇ ‘ਚੋਂ ਚੁੱਕ ਕੇ ਖ਼ੁਦ ਨੂੰ 

ਜਦ ਦੂਜੇ ਵਿੱਚ ਢਾਲ਼ ਰਿਹਾ ਸਾਂ । 

ਮੈਂ ਹਾਜ਼ਰ ਸਾਂ ਜ਼ਿੰਦਗੀ ਕੋਲ਼ੇ

ਫਿਰ ਵੀ ਸਭ ਕੁੱਝ ਲੱਗਿਆ ਜਿਓਂ

ਸਫ਼ਰ ਤਸੱਵਰ ਕਰਕੇ ਹੀ ਮੈਂ 

ਅਪਣਾ ਆਪ ਉਧਾਲ਼ ਰਿਹਾ ਸਾਂ

📝 ਸੋਧ ਲਈ ਭੇਜੋ