ਹੋਸ਼ ਕਰੋ ਪੰਜਾਬੀ ਵੀਰੋ
ਫਿਰ ਪਿੱਛੋਂ ਪਛਤਾਇਓ ਨਾ
ਵਿਚ ਪਰਦੇਸਾਂ ਆ ਕੇ
ਆਪਣੀ ਮਾਂ ਬੋਲੀ ਭੁੱਲ ਜਾਇਓ ਨਾ
ਮੰਨਿਆ ਕਿ ਰੁਜ਼ਗਾਰ ਲਈ
ਅੱਜ ਇੰਗਲਿਸ਼ ਬਹੁਤ ਜ਼ਰੂਰੀ ਏ
ਪਰ ਆਪਣੀ ਬੋਲੀ ਭੁੱਲ ਜਾਣਾ
ਕਿੱਥੇ ਦੀ ਮਜਬੂਰੀ ਏ
ਆਪਣੀ ਮਾਂ ਨੂੰ ਛੱਡ ਕੇ ਗੀਤ
ਪਰਾਈ ਮਾਂ ਦੇ ਗਾਇਓ ਨਾ
ਮਾਂ ਬੋਲੀ ਪੰਜਾਬੀ ਸਾਡੀ
ਜੇ ਇਸ ਨੂੰ ਭੁੱਲ ਜਾਵਾਂਗੇ
ਇਕ ਦਿਨ ਕੱਖਾਂ ਵਾਂਗਰ ਸਾਰੇ
ਗਲੀਆਂ ਵਿਚ ਰੁਲ ਜਾਵਾਂਗੇ
ਆਪਣੇ ਵਿਰਸੇ ਦਾ ਸਰਮਾਇਆ
ਮਿੱਟੀ ਵਿਚ ਮਿਲਾਇਓ ਨਾ
ਜਿਸ ਬੋਲੀ ਨੂੰ ਗੁਰੂਆਂ
ਮਹਾਂਪੁਰਸ਼ਾਂ ਨੇ ਭਾਗ ਲਗਾਇਆ ਏ
ਜਿਸ ਬੋਲੀ ਦਾ ਬੁੱਲ੍ਹੇ ਸ਼ਾਹ
ਵਾਰਿਸ ਨੇ ਮਾਣ ਵਧਾਇਆ ਏ
ਭੁੱਲ ਕੇ ਭੀ ਉਸ ਬੋਲੀ ਨੂੰ
ਇੰਗਲਿਸ਼ ਦੀ ਭੇਟ ਚੜ੍ਹਾਇਓ ਨਾ।
ਡਾਲਰ ਬਹੁਤ ਕਮਾ ਲਏ ਆਪਾਂ
ਥੋੜ੍ਹਾ ਹੋਰ ਸੰਘਰਸ਼ ਕਰੋ
ਆਪਣੀ ਤੇ `ਆਜ਼ਾਦ` ਬੀਤ ਗਈ
ਬੱਚਿਆਂ ਤੇ ਕੁਛ ਤਰਸ ਕਰੋ
ਮਾਂ ਬੋਲੀ ਤੋਂ ਵੱਖ ਕਰਕੇ
ਔਲਾਦ ਆਪਣੀ ਭਟਕਾਇਓ ਨਾ।